ਪੱਤਰ ਪ੍ਰੇਰਕ
ਪਾਤੜਾਂ, 15 ਮਈ
ਸ਼ਹਿਰ ਦੇ ਨਰਵਾਣਾ ਰੋਡ ’ਤੇ ਆਈਡੀਬੀਆਈ ਬੈਂਕ ਵਿੱਚ ਅਚਾਨਕ ਅੱਗ ਲੱਗ ਗਈ। ਬੈਂਕ ਅੰਦਰ ਲੱਗੇ ਖ਼ਤਰੇ ਦੇ ਸਾਇਰਨ ਦੀ ਅਵਾਜ਼ ਸੁਣ ਕੇ ਲੋਕਾਂ ਵੱਲੋਂ ਪੁਲੀਸ ਨੂੰ ਫੋਨ ਕੀਤੇ ਜਾਣ ਤੇ ਲੋਕਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੈਂਕ ਦੇ ਸਮਾਨ ਨੂੰ ਬਾਹਰ ਕੱਢਿਆ ਜਦੋਂ ਕਿ ਅੱਗ ਨਾਲ ਬਹੁਤ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਬੈਂਕ ਦੇ ਕੈਸ਼ ਲਾਕਰ ਨਾ ਖੁੱਲ੍ਹਣ ਕਰਕੇ ਕੈਸ਼ ਦੇ ਸੜਨ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਬੈਂਕ ਮੈਨੇਜਰ ਰਾਮ ਦਿਆਲ ਨੇ ਦੱਸਿਆ ਕਿ ਬਿਜਲੀ ਸਪਾਰਕਿੰਗ ਨਾਲ ਲੱਗੀ ਅੱਗ ਦਾ ਕਰੀਬ 3 ਵਜੇ ਬੈਂਕ ਦਾ ਸਾਇਰਨ ਵੱਜਣ ਨਾਲ ਨੇੜੇ ਦੇ ਲੋਕਾਂ ਨੂੰ ਪਤਾ ਲੱਗਿਆ। ਮੌਕੇ ’ਤੇ ਬਿਜਲੀ ਦੀ ਸਪਲਾਈ ਕਟਵਾ ਕੇ ਅੱਗ ਬਝਾਊ ਗੈਸ ਸਿਲੰਡਰਾਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਨਾਲ ਕੈਸ਼ ਗਿਣਨ ਵਾਲੀਆਂ ਦੋਵੇਂ ਮਸ਼ੀਨਾਂ ਅਤੇ ਡਾਉੂਨ ਸੀਲਿੰਗ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਫਰਨੀਚਰ ਅੱਗ ਨਾਲ ਸੜ ਗਿਆ ਹੈ ਜਦੋਂ ਕਿ ਕੈਸ਼ ਵਾਲਾ ਸੇਫ ਨੂੰ ਖੋਲ੍ਹਣ ਮਗਰੋਂ ਹੀ ਇਸ ਵਿੱਚ ਹੋਏ ਨੁਕਸਾਨ ਬਾਰੇ ਪਤਾ ਲੱਗ ਸਕੇਗਾ।