ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ) 12 ਅਗਸਤ
ਪੰਜਾਬ ਸਰਕਾਰ ਦੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ (ਐੱਚ.ਐੱਫ.ਏ) ਅਧੀਨ ਨਗਰ ਕੌਂਸਲ ਸਨੌਰ ਵੱਲੋਂ 2017-18 ਤੋਂ ਹੁਣ ਤੱਕ 93 ਯੋਗ ਲਾਭਪਾਤਰੀਆਂ ਲਈ 1 ਕਰੋੜ 35 ਲੱਖ 65 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਹੈ। ਜਿਸ ਵਿੱਚੋਂ ਤਿੰਨ ਪੜਾਵਾਂ ਵਿੱਚ 85,28,137 ਰੁਪਏ ਨਵੇਂ ਮਕਾਨ ਦੀ ਉਸਾਰੀ ਜਾਂ ਫੇਰ ਪੁਰਾਣੇ ਮਕਾਨ ਦੀ ਮੁਰੰਮਤ ਲਈ ਜਾਰੀ ਕੀਤੇ ਜਾ ਚੁੱਕੇ।
ਨਗਰ ਕੌਂਸਲ ਸਨੌਰ ਦੇ ਕਾਰਜਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਦੱਸਿਆ ਕਿ ਸਨੌਰ ਵਿੱਚ 93 ਵਿਅਕਤੀਆਂ ਨੂੰ ਸ਼ਹਿਰੀ ਆਵਾਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ ਅਤੇ 67 ਹੋਰਨਾਂ ਯੋਗ ਲਾਭਪਾਤਰੀਆਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ। ਜਿਨ੍ਹਾਂ ਦੇ ਪਹਿਲੇ ਫੇਜ਼ ਦੀ ਰਾਸ਼ੀ ਮਨਜ਼ੂਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋੜਵੰਦਾਂ ਨੂੰ ਘਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ 1.50 ਲੱਖ ਦੀ ਗਰਾਂਟ ਚਾਰ ਫੇਜ਼ਾਂ ਵਿੱਚ ਦਿੱਤੀ ਜਾਂਦੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਨਗਰ ਕੌਂਸਲ ਸਨੌਰ ਵਿੱਚ ਆਏ 93 ਯੋਗ ਲਾਭਪਾਤਰੀਆਂ ਨੂੰ ਤਿੰਨ ਸਰਵੇਖਣਾਂ ਉਪਰੰਤ 85 ਲੱਖ 28 ਹਜ਼ਾਰ 137 ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੌਥੇ ਅਤੇ ਆਖ਼ਰੀ ਸਰਵੇਖਣ ਦੀ ਰਾਸ਼ੀ ਵੀ ਜਲਦੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਕਾਰਜਸਾਧਕ ਅਫ਼ਸਰ ਨੇ ਇਹ ਵੀ ਦੱਸਿਆ ਕਿ 67 ਨਵੇਂ ਲਾਭਪਾਤਰੀਆਂ ਸਬੰਧੀ ਵੀ ਮਨਜ਼ੂਰੀ ਪੱਤਰ ਜਾਰੀ ਕਰਨ ਦੀ ਕਾਰਵਾਈ ਜਾਰੀ ਹੈ।