ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ਅਤੇ ਇਲਾਕੇ ਦੇ ਪਿੰਡਾਂ ਵਿੱਚ ਭਾਰੀ ਮੀਂਹ, ਹਨੇਰੀ ਤੇ ਗੜੇ ਪਏ। ਪਿੰਡ ਸ਼ਾਦੀਹਰੀ ਅਤੇ ਹੋਰ ਪਿੰਡਾਂ ਦੇ ਖੇਤਾਂ ਵਿੱਚ ਕਿਸਾਨ ਦੀ ਝੋਨੇ ਦੀ ਫ਼ਸਲ ਤੇਜ਼ ਬਾਰਸ਼ ਤੇ ਹਨੇਰੀ ਕਾਰਨ ਧਰਤੀ ’ਤੇ ਵਿਛ ਗਈ ਅਤੇ ਦਿੜ੍ਹਬਾ ਦੀ ਮੰਡੀ ਵਿੱਚ ਵੀ ਬਰਸਾਤ ਦਾ ਪਾਣੀ ਭਰ ਹੈ ਜਿਸ ਨਾਲ ਕਿਸਾਨ ਚਿੰਤਾ ਵਿੱਚ ਡੁੱਬ ਗਏ ਹਨ। ਮੌਸਮ ਦੇ ਬਦਲਦੇ ਰੁਖ਼ ਕਾਰਨ ਬਾਰਸ਼ ਸ਼ੁਰੂ ਹੋਣ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆਂ ਅਤੇ ਮੀਂਹ, ਹਨੇਰੀ ਤੇ ਗੜੇ ਪੈਣ ਨਾਲ ਹੋਰਨਾਂ ਫਸਲਾਂ ਤੋਂ ਇਲਾਵਾ ਝੋਨੇ ਦੀ ਪੱਕੀ ਫਸਲ ਨੂੰ ਵੱਡੀ ਮਾਰ ਪਈ ਹੈ। ਕਿਸਾਨਾਂ ਨੇ ਦੱਸਿਆ ਕਿ ਅਨੁਮਾਨ ਹੈ ਕਿ ਇਸ ਬਾਰਸ਼ ਨਾਲ 10 ਤੋਂ 15 ਮਣ ਪ੍ਰਤੀ ਏਕੜ ਝੇਨੇ ਦੀ ਫਸਲ ਦਾ ਝਾੜ ਘੱਟ ਨਿਕਲੇਗਾ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਏ ਝੋਨੇ ਦੀ ਫਸਲ ਵੀ ਭਿੱਜ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਹੋਰ ਵੀ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨ ਸਤਪਾਲ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਕਿਸਾਨ ਤਾਂ ਪਹਿਲਾਂ ਹੀ ਮੰਦਹਾਲੀ ਨਾਲ ਜੂਝ ਰਿਹਾ ਹੈ ਪਰ ਇਸ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਹੋਰ ਵੀ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਤੁਰੰਤ ਪੂਰਤੀ ਕਰਨ ਦੀ ਮੰਗ ਕੀਤੀ।