ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜਨਵਰੀ
ਇਥੇ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਅੱਜ ਇਥੋਂ ਦੇ ਫੁਹਾਰਾ ਚੌਕ ’ਤੇ ਜਾਮ ਲਗਾਇਆ। ਤਨਖਾਹੋਂ ਵਾਂਝੇ ਇਨ੍ਹਾਂ ਮੁਲਾਜ਼ਮਾਂ ਨੇ ਅੱਜ ਚੜ੍ਹੇ ਨਵੇਂ ਸਾਲ 2022 ਦੇ ਪਹਿਲੇ ਹੀ ਦਿਨ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।
108 ਐਂਬੂਲੈਂਸ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਜੋਗਾ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੇ ਵੱਡੀ ਗਿਣਤੀ ਮੁਲਾਜ਼ਮ ਐਂਬੂਲੈਂਸਾਂ ਸਮੇਤ ਇਥੇ ਫੁਹਾਰਾ ਚੌਕ ’ਤੇ ਇਕੱਠੇ ਹੋਏ ਅਤੇ ਸੜਕ ਵਿਚਾਲੇ ਐਂਬੂਲੈਂਸਾਂ ਖੜੀਆਂ ਕਰਕੇ ਜਾਮ ਲਾ ਦਿੱਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਸਬੰਧਤ ਕੰਪਨੀ ਦੇ ਪ੍ਰਬੰਧਕਾਂ ਦਾ ਖੂਬ ਪਿੱਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਉਹ ਬੀਤੇ ਲੰਮੇਂ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਆਪਣੀਆਂ ਤਨਖਾਹਾਂ ਵਧਾਉਣ ਅਤੇ ਬਕਾਇਆ ਤਨਖਾਹ ਛੇਤੀ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਪੁੱਜੇ ਰਾਮ ਕਿਸ਼ਨ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਇਹ ਮਾਮਲਾ ਸਬੰਧਤ ਕੰਪਨੀ ਦੇ ਮੈਨੇਜਰ ਨਾਲ ਉਠਾਇਆ। ਜਿਸ ਨੇ ਜਲਦੀ ਹੀ ਤਨਖਾਹਾਂ ਜਾਰੀ ਕਰਨ ਦਾ ਭਰੋੋਸਾ ਦਿਤਾ, ਜਿਸ ਤੋਂ ਬਾਅਦ ਐਂਬੂਲੈਂਸ ਮੁਲਾਜ਼ਮਾਂ ਨੇ ਧਰਨਾ ਚੁੱਕ ਲਿਆ। ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਵਾਜਾਈ ਦੀ ਸਮੱਸਿਆ ਨੂੰ ਦੇਖਦਿਆਂ ਪੁਲੀਸ ਨੇ ਬਦਲਵੇਂ ਰਾਹਾਂ ਥਾਈਂ ਰਾਹਗੀਰਾਂ ਨੂੰ ਲੰਘਾਇਆ ਤੇ ਆਵਾਜਾਈ ਬਹਾਲ ਕਰਵਾਈ।