ਦੁਤਾਲ ਦੀ 29 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ : The Tribune India

ਦੁਤਾਲ ਦੀ 29 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ

ਬੀਡੀਪੀਓ ਦੀ ਅਗਵਾਈ ਹੇਠ ਪ੍ਰਸ਼ਾਸਨ ਨੇ ਕੀਤੀ ਕਾਰਵਾਈ; ਪੀੜਤ ਵੱਲੋਂ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼

ਦੁਤਾਲ ਦੀ 29 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ

ਛੱਪੜ ਦੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦੀ ਕਾਰਵਾਈ ਦਾ ਦ੍ਰਿਸ਼ ।

ਗੁਰਨਾਮ ਸਿੰਘ ਚੌਹਾਨ  

ਪਾਤੜਾਂ, 5 ਦਸੰਬਰ

ਪਿੰਡ ਦੁਤਾਲ ਵਿੱਚ ਪਿਛਲੇ ਕਈ ਸਾਲਾਂ ਤੋਂ ਛੱਪੜ ਦੀ ਜ਼ਮੀਨ ਉਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਨੇ ਛੁਡਵਾ ਲਿਆ। ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਾਤੜਾਂ ਕ੍ਰਿਸ਼ਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਕਬਜ਼ਾ ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ ਕਮ-ਨਾਇਬ ਤਹਿਸੀਲਦਾਰ ਪਾਤੜਾਂ ਭੀਮ ਸੈਨ ਦੀ ਮੌਜੂਦਗੀ ਵਿੱਚ ਪੰਚਾਇਤ ਵਿਭਾਗ ਨੇ ਕਬਜ਼ਾ ਕਾਰਵਾਈ ਨੂੰ ਮੁਕੰਮਲ ਕੀਤਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਤੇ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਗ੍ਰਾਮ ਪੰਚਾਇਤ ਦੁਤਾਲ ਦੇ ਸਰਪੰਚ ਮਾਲਕ ਸਿੰਘ ਨੇ ਦੱਸਿਆ ਕਿ ਕਰੀਬ ਦੋ ਦਹਾਕੇ ਪਹਿਲਾਂ ਤੱਕ ਪਿੰਡ ਦੇ ਬਾਹਰਵਾਰ ਛੱਪੜ ਸੀ ਪਰ ਸਮੇਂ ਦੇ ਨਾਲ ਨਾਲ ਪਾਣੀ ਘਟਣ ਕਰਕੇ ਵਿਹਲੀ ਪਈ ਇਸ ਜ਼ਮੀਨ ਉਤੇ ਪਿੰਡ ਵਾਸੀ ਅਮਰੀਕ ਸਿੰਘ, ਨਿਰਵੈਰ ਸਿੰਘ, ਨਿਰਮਲ ਸਿੰਘ ਤੇ ਝਿਰਮਲ ਸਿੰਘ ਜਿਨ੍ਹਾਂ ਦੀ ਇਸ ਪੰਚਾਇਤੀ ਜ਼ਮੀਨ ਦੇ ਨਾਲ ਆਪਣੀ ਨਿੱਜੀ ਜ਼ਮੀਨ ਲੱਗਦੀ ਸੀ, ਨੇ ਇਸ ਖਾਲੀ ਪਈ ਜ਼ਮੀਨ ਵਿੱਚ ਮਿੱਟੀ ਪਾ ਕੇ ਇਸ ਵਿੱਚ ਫ਼ਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਦੁਤਾਲ ਵੱਲੋਂ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਛੁਡਾਉਣ ਦੀ ਕਾਰਵਾਈ ਆਰੰਭ ਕੀਤੀ ਗਈ ਸੀ। ਪੰਚਾਇਤ ਵਿਭਾਗ ਵੱਲੋਂ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤ ਪਿੰਡ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਇਸ ਲਈ ਅਗਲੀ ਕਾਰਵਾਈ ਨਿਰੰਤਰ ਜਾਰੀ ਰਹੇਗੀ। ਕਬਜ਼ਾ ਕਾਰਵਾਈ ਦੌਰਾਨ ਉਕਤ ਜ਼ਮੀਨ ਵਿੱਚ ਬੀਜੀ ਕਣਕ ਦੀ ਫ਼ਸਲ ਉਤੇ ਜੇਸੀਬੀ ਚਲਾ ਕੇ ਕਬਜ਼ਾ ਹਾਸਲ ਕੀਤਾ ਗਿਆ।  ਦੂਜੇ ਪਾਸੇ ਕਾਬਜ਼ ਧਿਰ ਦੀ ਅਗਵਾਈ ਕਰ ਰਹੇ ਨਿਰਵੈਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਜ਼ਮੀਨ ਉਤੇ ਖੇਤੀ ਕਰਦਾ ਆ ਰਿਹਾ ਹੈ ਤੇ ਇਸ ਸਬੰਧੀ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਤੇ ਬਾਵਜੂਦ ਪੰਚਾਇਤ ਵਿਭਾਗ ਨੇ ਧੱਕਾ ਕੀਤਾ ਹੈ। ਉਨ੍ਹਾਂ ਸਰਪੰਚ ਮਾਲਕ ਸਿੰਘ ’ਤੇ ਚਕੌਤਾ ਹੜੱਪਣ ਦੇ ਦੋਸ਼ ਲਗਾਏ ਹਨ। 

ਕਾਰਵਾਈ ਨਿਯਮਾਂ ਮੁਤਾਬਕ ਕੀਤੀ: ਬੀਡੀਪੀਓ

ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਾਤੜਾਂ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਬਜ਼ਾ  ਕਾਰਵਾਈ ਦੌਰਾਨ 29 ਕਨਾਲ 9 ਮਰਲੇ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਉਨ੍ਹਾਂ ਕਾਬਜ਼ ਧਿਰ ਵੱਲੋਂ ਧੱਕੇਸ਼ਾਹੀ ਦੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਮੁਤਾਬਿਕ ਅਮਲ ਵਿੱਚ ਲਿਆਂਦੀ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All