ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਪੰਜਾਬੀ ਯੂਨੀਵਰਸਿਟੀ ਦੇ ਸਕਿਓਰਿਟੀ ਗਾਰਡਾਂ ਨੇ ਅੱਜ ਸਵੇਰੇ ਸਾਢੇ ਅੱਠ ਵਜੇ ਤੋਂ 11 ਵਜੇ ਤੱਕ ਯੂਨੀਵਰਸਿਟੀ ਦੇ ਮੁੱਖ ਗੇਟ ਸਮੇਤ ਪਿਛਲਾ ਛੋਟਾ ਗੇਟ ਬੰਦ ਕਰ ਦਿੱਤਾ। ਇਸ ਦੌਰਾਨ ਕੈਂਪਸ ਸਮੇਤ ਯੂਨੀਵਰਸਿਟੀ ਦੇ ਬਾਹਰਲੇ ਕੇਂਦਰਾਂ ਨਾਲ਼ ਸਬੰਧਤ ਸਕਿਓਰਿਟੀ ਗਾਰਡ ਵੀ ਧਰਨੇ ਵਿੱਚ ਪੁੱੱਜੇ ਹੋਏ ਸਨ।
ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਆਗੂ ਅਰਵਿੰਦਰ ਸਿੰਘ ਬਾਬਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਕਈ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਘੱਟ ਤਨਖਾਹਾਂ ’ਤੇ ਡਿਊਟੀਆਂ ਨਿਭਾਅ ਰਹੇ ਹਨ। ਵਾਰ ਵਾਰ ਅਧਿਕਾਰੀਆਂ ਨਾਲ਼ ਰਾਬਤਾ ਸਾਧਣ ਦੇ ਬਾਵਜੂਦ ਜਦੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਅੱਕ ਕੇ ਗੇਟ ਬੰਦ ਕਰਨ ਲਈ ਮਜਬੂਰ ਹੋਏ ਹਨ। ਜ਼ਿਕਰਯੋਗ ਹੈ ਕਿ ਮੁੱਖ ਗੇਟ ਬੰਦ ਕਰਨ ਕਰਕੇ ਭਾਵੇਂ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਅੰਦਰ ਜਾਣ ’ਚ ਮੁਸ਼ਕਲ ਆਈ। ਪਹਿਲਾਂ ਪਿਛਲਾ ਗੇਟ ਖੁੱਲ੍ਹਾ ਹੋਣ ਕਾਰਨ ਉਹ ਪਿਛਲੇ ਗੇਟ ਅੰਦਰ ਚਲੇ ਗਏ। ਉਂਜ ਫੇਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪਿਛਲਾ ਗੇਟ ਵੀ ਬੰਦ ਕਰ ਦਿੱਤਾ ਪਰ ਉਦੋਂ ਤੱਕ ਬਹੁਤੇ ਲੋਕ ਅੰਦਰ ਲੰਘ ਚੁੱਕੇ ਸਨ।
ਇਸੇ ਦੌਰਾਨ ਫੇਰ ਯੂਨੀਵਰਸਿਟੀ ਰਜਿਸਟਰਾਰ ਨਾਲ ਮੀਟਿੰਗ ਹੋਈ ਜਿਨ੍ਹਾਂ ਨੇ ਉਨ੍ਹਾਂ ਦੀ ਇਸ ਮੰਗ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਕਰਕੇ ਗੇਟ ਖੋਲ੍ਹ ਦਿੱਤੇ ਗਏ।
ਇਹ ਵੀ ਪਤਾ ਲੱਗਿਆ ਹੈ ਕਿ ਪੰਜ ਸਾਲ ਦੀ ਨੌਕਰੀ ਵਾਲ਼ੇ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਡੇਲੀਵੇਜ ’ਤੇ ਕਰਨ ਅਤੇ ਡੇਲੀਵੇਜ ਵਾਲ਼ਿਆਂ ਨੂੰ ਅਠਾਰਾਂ ਹਜ਼ਾਰ ਰੁਪਏ ਪੱਕੀ ਤਨਖ਼ਾਹ ਦੇਣ ਸਮੇਤ ਕੱਢੇ ਗਏ 2 ਵਰਕਰਾਂ ਨੂੰ ਮੁੜ ਭਰਤੀ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਗੇਟ ਖੋਲ੍ਹਿਆ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸ਼ਾਂਤਮਈ ਧਰਨਾ ਜਾਰੀ ਰਹੇਗਾ।