ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਬੀ.ਐੱਸ.ਐੱਨ.ਐੱਲ.ਟਾਵਰ ਦੀ ਟੀਸੀ ’ਤੇ ਚੜ੍ਹਕੇ ਦੋ ਬੇਰੁਜ਼ਗਾਰਾਂ ਅਧਿਆਪਕਾਂ ਵੱਲੋਂ ਵਿੱਢਿਆ ਸੰਘਰਸ਼ ਅੱਜ ਸਵਾ ਮਹੀਨਾ ਪਾਰ ਹੋ ਗਿਆ ਹੈ। ਪ੍ਰੰਤੂ ਹੈਰਾਨੀ ਹੈ ਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਸੰਘਰਸ਼ੀ ਧਿਰ ਦੀ ਯੋਗ ਸੁਣਵਾਈ ਨਹੀਂ ਹੋ ਸਕੀ।
ਰੁਜ਼ਗਾਰ ਪ੍ਰਾਪਤੀ ਨੂੰ ਲੈ ਕੇ ਇਸ ਸੰਘਰਸ਼ ਦੀ ਭਾਵੇਂ ਚਰਚਾ ਜ਼ੋਰਾਂ ’ਤੇ ਹੈ ਤੇ ਹਰਜੀਤ ਤੇ ਸੁਰਿੰਦਰਪਾਲ ਨਾਮੀ ਦੋ ਬੇਰੁਜ਼ਗਾਰ ਅਧਿਆਪਕ ਪਿਛਲੇ 40 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਗਟ ਕਰ ਰਹੇ ਹਨ। ਪ੍ਰੰਤੂ ਸਰਕਾਰ ਦੇ ਕੰਨਾਂ ’ਤੇ ਜੂੰਅ ਨਾ ਸਿਰਕਣ ਤੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ’ਚ ਰੋਸ ਦੀ ਲਹਿਰ ਵੀ ਆਏ ਦਿਨ ਵਧ ਰਹੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੂਬਾ ਪ੍ਰੱੈਸ ਸਕੱਤਰ ਦੀਪ ਬਨਾਰਸੀ ਨੇ ਆਖਿਆ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੁਜ਼ਗਾਰ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਜੋ ਵਾਅਦਾ ਕੀਤਾ ਸੀ ਉਹ ਬੁਰੀ ਤਰ੍ਹਾਂ ਫਲਾਪ ਰਿਹਾ ਹੈ। ਸਰਕਾਰ ਰੁਜ਼ਗਾਰ ਘਰ ਘਰ ਤਾਂ ਕੀ ਟਾਵਰ ਚੜ੍ਹੇ ਬੇਰੁਜਗਾਰਾਂ ਨੂੰ ਵੀ ਦੇਣ ਤੋਂ ਪਾਸਾ ਵੱਟ ਚੁੱਕੀ ਹੈ। ਉਨ੍ਹਾਂ ਆਖਿਆ ਕਿ ਉਹ ਜਿਥੇ 10 ਹਜ਼ਾਰ ਈਟੀਟੀ ਅਧਿਆਪਕਾਂ ਦੀ ਭਰਤੀ ਕਰਨ ਤੇ ਭਰਤੀ ’ਚ ਨਿਰੋਲ ਈਟੀਟੀ ਟੈੱਟ ਪਾਸ ਨੂੰ ਵਿਚਾਰਨ ਆਦਿ ਮੰਗਾਂ ਲਈ ਸਾਲਾਂਬੱਧੀ ਸੰਘਰਸ਼ ’ਤੇ ਉਤਰੇ ਹੋਏ ਹਨ ਪਰ ਸਰਕਾਰ ਗੂੰਗੀ ਤੇ ਬੋਲੀ ਹੋਈ ਪਈ ਹੈ। ਆਖ਼ਿਰ ਅੱਕ ਕੇ ਦੋ ਬੇਰੁਜ਼ਗਾਰਾਂ ਨੂੰ ਸਰਕਾਰ ਨੂੰ ਕੰੁਭਕਰਨੀ ਨੀਂਦ ਤੋਂ ਜਗਾਉਣ ਲਈ ਭਾਵੇਂ ਟਾਵਰ ਦੀ ਟੀਸੀ ਮੱਲਣੀ ਪਈ ਹੈ ਤੇ ਸਿਹਤ ਖਰਾਬ ਹੋਣ ਦੇ ਬਾਵਜੂਦ ਟਾਵਰ ਤੋਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਮਘਾਈ ਰੱਖਣ ਦਾ ਦਿ੍ਰੜ੍ਹ ਇਰਾਦਾ ਕਰੀ ਬੈਠੇ ਹਨ ਪ੍ਰੰਤੂ ਹੈਰਾਨੀ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਦੇ ਜ਼ਿਲਾ ਪ੍ਰਸ਼ਾਸਨ ਜਾਂ ਸੁੂਬਾਈ ਪ੍ਰਸ਼ਾਸਨ ਨੂੰ ਹਾਲੇ ਤਕ ਕੋਈ ਚਿੰਤਾ ਨਹੀਂ। ਉਨ੍ਹਾਂ ਆਖਿਆ ਕਿ ਵਧ ਰਹੀ ਗਰਮੀ ਦੇ ਬਾਵਜੂਦ ਸੰਘਰਸ਼ੀ 200 ਫੁੱਟ ਦੀ ਉਚਾਈ ’ਤੇ ਬੈਠੇ ਹਨ ਤੇ ਇਹ ਪਿਛਲੇ ਦੋ ਹਫਤਿਆਂ ਤੋਂ ਚਮੜੀ ਰੋਗ ਦੀ ਗਿ੍ਰਫਤ ’ਚ ਵੀ ਹਨ। ਫਿਰ ਵੀ ਭੁੱਖੇ ਤਿਹਾਏ ਸੰਘਰਸ਼ ਲਈ ਬਜਿ਼ੱਦ ਹਨ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਕੋਈ ਉਚਿਤ ਫੈਸਲਾ ਨਾ ਲਿਆ ਤਾਂ ਮੁੜ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕੀਤਾ ਜਾਏਗਾ। ਦੀਪ ਬਨਾਰਸੀ ਨੇ ਦੱਸਿਆ ਕਿ ਲੰਘੇ ਕੱਲ ਸਿੱਖਿਆ ਮੰਤਰੀ ਤੇ ਹੋਰ ਸਿੱਖਿਆ ਅਧਿਕਾਰੀਆਂ ਨਾਲ ਭਾਵੇਂ ਮਸਲੇ ’ਤੇ ਚੰਡੀਗੜ ਗੱਲਬਾਤ ਹੋਈ ਹੈ, ਪਰ ਹਾਲੇ ਤਾਈਂ ਗੱਲਬਾਤ ਦਾ ਸਾਰਥਿਕ ਸੁਨੇਹਾ ਨਹੀਂ ਪੁੱਜਿਆ। ਯੂਨੀਅਨ ਸਰਕਾਰ ਦੇ ਹੁੰਗਾਰੇ ਦੀ ਤੀਬਰਤਾ ਨਾਲ ਉਡੀਕ ਕਰ ਰਹੀ ਹੈ।