ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਸਤੰਬਰ
ਪੰਜਾਬ ਦੇ ਸਰਕਾਰੀ ਕਾਲਜਾਂ ’ਚ ਢਾਈ ਦਹਾਕਿਆਂ ਤੋਂ ਅਧਿਆਪਕਾਂ ਦੀ ਰੈਗੂਲਰ ਭਰਤੀ ਨਾ ਹੋਣ ਵਿਰੁੱਧ ਪੰਜਾਬੀ ਯੁੂਨੀਵਰਸਿਟੀ ਪਟਿਆਲਾ ਦੇ ਖੋਜਾਰਥੀਆਂ ਅਤੇ ਸਹਾਇਕ ਪ੍ਰੋਫੈਸਰਾਂ ਦੀ ਯੋਗਤਾ ਰੱਖਣ ਵਾਲ਼ੇ ਉਮੀਦਵਾਰਾਂ ਨੇ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਨਿਵੇਕਲੇ ਢੰਗ ਨਾਲ਼ ਰੋਸ ਪ੍ਰਦਰਸ਼ਨ ਕੀਤਾ। ‘ਸਰਕਾਰੀ ਕਾਲਜ ਬਚਾਓ ਮੰਚ’ ਦੀ ਅਗਵਾਈ ਵਿੱਚ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਉੱਚ ਵਿੱਦਿਆ ਪ੍ਰਾਪਤ ਇਨ੍ਹਾਂ ਬੇਰੁਜ਼ਗਾਰਾਂ ਨੇ ਸਬਜ਼ੀ ਦੀ ਰੇਹੜੀ ਲਾ ਕੇ ਨਾ ਸਿਰਫ਼ ਸਬਜ਼ੀਆਂ, ਬਲਕਿ ਆਪਣੀਆਂ ਡਿਗਰੀਆਂ ਵੀ ‘ਵੇਚੀਆਂ’।
ਘਰ-ਘਰ ਰੁਜ਼ਗਾਰ ਦੇਣ ਦਾ ਢੰਡੋਰਾ ਪਿੱਟਣ ਵਾਲ਼ੀ ਪੰਜਾਬ ਸਰਕਾਰ ਨੂੰ ਵਿਅੰਗਮਈ ਢੰਗ ਨਾਲ਼ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਤਰਕ ਅਤੇ ਦਲੀਲਾਂ ਸਹਿਤ ਘੇਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਪੀਐਚ.ਡੀ ਅਤੇ ਨੈੱਟ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉੱਚ ਵਿੱਦਿਆ ਸਬੰਧੀ ਸੰਕੇਤਕ ਤੌਰ ’ਤੇ ਆਪਣੀਆਂ ਡਿਗਰੀਆਂ ‘ਵੇਚ’ ਕੇ ਉਨ੍ਹਾਂ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜੇ ਸਰਕਾਰ ਨੇ ਨੌਕਰੀ ਹੀ ਨਹੀਂ ਦੇਣੀ, ਤਾਂ ਫੇਰ ਇਹ ਡਿਗਰੀਆਂ ਵੀ ਉਨ੍ਹਾਂ ਦੇ ਕਿਸ ਕੰਮ।
ਯੂਨੀਵਰਸਿਟੀ ਦੇ ਮੁੱਖ ਗੇਟ ਦੇ ਕੋਲ਼ ਕੀਤੇ ਗਏ ਪ੍ਰਰਦਸ਼ਨ ਦੌਰਾਨ ਮੰਚ ਦੇ ਮੈਂਬਰਾਂ ਅਤੇ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਗਲ਼ਾਂ ’ਚ ਆਪਣੀ ਯੋਗਤਾ ਦੀਆਂ ਤਖ਼ਤੀਆਂ ਪਾਈਆਂ ਹੋਈਆਂ ਸਨ। ਮੰਚ ਦੇ ਆਗੂਆਂ ਗੁਰਸੇਵਕ ਸਿੰਘ, ਪ੍ਰਿਤਪਾਲ ਸਿੰਘ, ਰਵੀਦਿੱਤ ਸਿੰਘ ਅਤੇ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ, ਤਾਂ ਜੋ ਸਿੱਖਿਆ ਦਾ ਨਿੱਜੀਕਰਨ ਕਰਦਿਆਂ ਵਿੱਦਿਅਕ ਸਿਸਟਮ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਸੌਂਪ ਦਿਤਾ ਜਾਵੇ। ਪੀਐਚ.ਡੀ ਹੋਲਡਰ ਰਵੀਦਿੱਤ ਸਿੰਘ ਸਮੇਤ ਨੈੱਟ ਪਾਸ ਕਈ ਹੋਰ ਨੌਜਵਾਨਾਂ ਦਾ ਕਹਿਣਾ ਸੀ ਕਿ ਪੱਚੀ ਸਾਲਾਂ ਤੋਂ ਸਰਕਾਰੀ ਕਾਰਜਾਂ ਵਿੱਚ ਵੀ ਰੈਗੂਲਰ ਅਸਾਮੀ ਨਹੀਂ ਭਰੀ ਗਈ। ਸਿਰਫ਼ ਐਡਹਾਕ, ਕੰਟਰੈਕਟ ਅਤੇ ਗੈਸਟ ਫੈਕਲਟੀ ’ਤੇ ਭਰਤੀ ਕਰਕੇ ਹੀ ਡੰਗ ਟਪਾਇਆ ਜਾ ਰਿਹਾ ਹੈ। ਗ੍ਰੈਜੂਏਸ਼ਨ ਦੀਆਂ ਸੀਟਾਂ ’ਤੇ ਕੱਟ ਲਗਾ ਕੇ ਬਹੁ-ਗਿਣਤੀ ਵਿਦਿਆਰਥੀਆਂ ਨੂੰ ਸਰਕਾਰੀ ਕਾਲਜਾਂ ਤੋਂ ਬਾਹਰ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਇਸ ਨਾਲ ਪ੍ਰਾਈਵੇਟ ਕਾਲਜਾਂ ਨੂੰ ਲੁੱਟ ਦਾ ਮੌਕਾ ਮਿਲ ਰਿਹਾ ਹੈ। ਅਧਿਆਪਕਾਂ ਦੀ ਘਾਟ ਕਾਰਨ ਸਰਕਾਰੀ ਕਾਲਜਾਂ ਦੇ ਵਿਦਿਆਰਥੀ ਢੁਕਵੀਂ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਜਦਕਿ ਪੜ੍ਹਾਉਣ ਦੀ ਯੋਗਤਾ ਰੱਖਣ ਵਾਲ਼ੇ ਅਨੇਕਾਂ ਨੌਜਵਾਨ ਪ੍ਰਾਈਵੇਟ ਕਾਲਜਾਂ ਵਿੱਚ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਅਤੇ ਕਈ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਕਾਲਜਾਂ ’ਚ ਅਧਿਆਪਕਾਂ ਦੀਆਂ 1609 ਅਸਾਮੀਆਂ ਖਾਲੀ ਹੋਣ ਦੀ ਗੱਲ ਵੀ ਆਖੀ। ਇਸ ਮੌਕੇ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।