ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਸਰਕਾਰ ਵੱਲੋਂ ਲਾਈਨਮੈਨਾਂ ਦੀਆਂ ਦੋ ਹਜ਼ਾਰ ਆਸਾਮੀਆਂ ਲਈ ਲਿਖਤੀ ਟੈਸਟ ਲੈਣ ਦੀ ਸ਼ਰਤ ਰੱਦ ਕਰਵਾਉਣ ਲਈ ‘ਅਪ੍ਰੈਂਟਿਸ ਬੇਰੁਜ਼ਗਾਰ ਲਾਈਨਮੈਨ ਯੂਨੀਅਨ’ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਲਾਇਆ ਪੱਕਾ ਮੋਰਚਾ ਅੱਜ 62ਵੇਂ ਦਿਨ ਵੀ ਜਾਰੀ ਰਿਹਾ। ਇਸੇ ਕੜੀ ਵਜੋਂ ਛੇ ਅਪ੍ਰੈਂਟਿਸ ਵਰਕਰ ਅੱਜ ਸੱਤਵੇਂ ਦਿਨ ਵੀ ਬਿਜਲੀ ਟਾਵਰ ’ਤੇ ਡਟੇ ਰਹੇ। ਟਾਵਰ ਦੇ ਹੇਠਾਂ ਟਰਾਲੀਆਂ ’ਤੇ ਤੰਬੂ ਪਾ ਕੇ ਪੱਕੀ ਠਾਹਰ ਬਣਾ ਚੁੱਕੇ ਇਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਪਿੰਡ ਭੇਡਪੁਰਾ ਨੇੜੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਕੇ ਸੂਬੇ ਦੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ।
ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਤਰਕ ਹੈ ਕਿ ਲਾਈਨਮੈਨਾਂ ਦੀ ਭਰਤੀ ਹਮੇਸ਼ਾ ਹੀ ਅਪ੍ਰੈਂਟਿਸ ਦੌਰਾਨ ਬਣਦੀ ਮੈਰਿਟ ਦੇ ਆਧਾਰ ’ਤੇ ਹੀ ਹੁੰਦੀ ਆਈ ਹੈ ਪਰ ਐਤਕੀਂ ‘ਆਪ’ ਸਰਕਾਰ ਵੱਲੋਂ ਲਿਖਤੀ ਟੈਸਟ ਦੀ ਸ਼ਰਤ ਥੋਪ ਦਿੱਤੀ ਗਈ। ਉਹ ਲਿਖਤੀ ਟੈਸਟ ਦੀ ਸ਼ਰਤ ਰੱਦ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।
ਯੂਨੀਅਨ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਫਾਜਿਲਕਾ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਪਵਿੱਤਰ ਸਿੰਘ ਸੰਗਤਪੁਰਾ, ਅਵਤਾਰ ਸਿੰਘ, ਸੁਨੀਲ ਕੁਮਾਰ, ਜਗਸੀਰ ਸਿੰਘ , ਰਮੇਸ਼ ਕੰਬੋਜ ਤੇ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ। ਪਹਿਲਾਂ ਉਨ੍ਹਾਂ ਨੇ ਦੋਹਰੀ ਲਾਈਨ ’ਚ ਚੱਲ ਕੇ ਮਾਰਚ ਕਰਦਿਆਂ, ਰਾਜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਦੋਂ ਇਨ੍ਹਾਂ ਬੇਰੁਜ਼ਗਾਰਾਂ ਦਾ ਇਹ ਕਾਫਲਾ ਕੌਮੀ ਮਾਰਗ ਵੱਲ ਨੂੰ ਵਧ ਰਿਹਾ ਸੀ, ਤਾਂ ਪੁਲੀਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬਜ਼ਿੱਦ ਸਨ ਕਿ ਇਹ ਪੁਤਲੇ ਉਹ ਕੌਮੀ ਮਾਰਗ ’ਤੇ ਜਾ ਕੇ ਹੀ ਫੂਕਣਗੇ। ਇਸ ਦੌਰਾਨ ਭਾਵੇਂ ਕੁਝ ਕੁ ਸਮਾਂ ਆਵਾਜਾਈ ’ਚ ਵਿਘਨ ਪਿਆ, ਪਰ ਪੁਲੀਸ ਨੇ ਹਾਲਾਤ ’ਤੇ ਜਲਦੀ ਕਾਬੂ ਪਾ ਲਿਆ ਅਤੇ ਪੁਤਲੇ ਫੂਕਣ ਤੋਂ ਤੁਰੰਤ ਮਗਰੋਂ ਪੁਲੀਸ ਨੇ ਲੋੜੀਂਦੀ ਆਵਾਜਾਈ ਬਹਾਲ ਕਰ ਦਿੱਤੀ। ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀ ਅਤੇ ਵੱਡੀ ਗਿਣਤੀ ’ਚ ਪੁਲੀਸ ਫੋਰਸ ਵੀ ਇੱਥੇ ਤਾਇਨਾਤ ਸੀ।