ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਜੁਲਾਈ
ਇਥੇ ਟਾਵਰ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਅਚਨਚੇਤ ਕੀਤੇ ਗਏ ਰੋਸ ਪ੍ਰਦਰਸ਼ਨ ਮਗਰੋਂ ਨਿਊ ਮੋਤੀ ਬਾਗ ਪੈਲੇਸ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਸ਼ਿਕਵਾ ਸੀ ਕਿ ਬੀਤੇ ਕੱਲ੍ਹ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਉਨ੍ਹਾਂ ਨਾਲ ਕੀਤੀ ਪੈਨਲ ਬੈਠਕ ’ਚ ਰੁਜ਼ਗਾਰ ਦੀ ਮੰਗ ਨੂੰ ਟੇਢੇ ਤਰੀਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਭਰਤੀ ਸਬੰਧੀ ਉਨ੍ਹਾਂ ਦੀ ਮੰਗ ਇੱਕ ਵਾਰ ਫ਼ਿਰ ਅੱਧ ਵਿਚਾਲੇ ਲਟਕ ਗਈ ਹੈ। ਉਧਰ ਟਾਵਰ ਸੰਘਰਸ਼ੀ ਸੁਰਿੰਦਰ ਪਾਲ ਗੁਰਦਾਸਪੁਰ ਨੇ ਬੇਸ਼ੱਕ ਮਰਨ ਵਰਤ ਸਮਾਪਤ ਕਰ ਦਿੱਤਾ ਸੀ, ਪਰ ਅੱਜ 105ਵੇਂ ਦਿਨ ਵੀ ਟਾਵਰ ਸੰਘਰਸ਼ ਨੂੰ ਜਾਰੀ ਰੱਖਿਆ। ਪ੍ਰਦਨਸ਼ਕਾਰੀਆਂ ਨੇ ਇਸ ਰੋਸ ਮਾਰਚ ਦੌਰਾਨ ਪਹਿਲਾਂ ਫੁਹਾਰਾ ਚੌਕ ’ਚ ਰੋਸ ਪ੍ਰਦਨਸ਼ਨ ਕੀਤਾ ਤੇ ਮਗਰੋਂ ਖੰਡਾ ਚੌਕ ’ਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਯੂਨੀਅਨ ਨੂੰ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਹੋਈ ਪੈਨਲ ਬੈਠਕ ਤੋਂ ਵੱਡੀਆਂ ਆਸਾਂ ਸਨ, ਸਰਕਾਰ ਦੇ ਗ਼ੈਰਜ਼ਿੰਮੇਵਾਰਾਨਾ ਵਤੀਰੇ ਕਰਾਨ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਇਸ ਗੱਲ ’ਤੇ ਅੜੇ ਨੇ ਕਿ ਪਹਿਲਾਂ ਟਾਵਰ ਸੰਘਰਸ਼ੀ ਨੂੰ ਥੱਲੇ ਲਾਹਿਆ ਜਾਵੇ, ਜਦਕਿ ਸੁਰਿੰਦਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਸੰਘਰਸ਼ ਕਰੇੇਗਾ। ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਦੌਰਾਨ ਨਿਊ ਮੋਤੀ ਬਾਗ ਪੈਲੇਸ ਜਾਣ ਦਾ ਪ੍ਰੋਗਰਾਮ ਨਹੀਂ ਸੀ, ਸਿਰਫ ਭੀੜ ਵਾਲੇ ਚੌਕਾਂ ’ਚ ਰਾਹਗੀਰਾਂ ਨੂੰ ਸਰਕਾਰ ਤੇ ਸਿੱਖਿਆ ਮੰਤਰੀ ਦੀ ਕਾਰਗੁੁਜ਼ਾਰੀ ਬਾਰੇ ਦੱਸਣਾ ਸੀ।