ਰਵੇਲ ਸਿੰਘ ਭਿੰਡਰ
ਪਟਿਆਲਾ, 23 ਮਾਰਚ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਠੰਢ, ਮੀਂਹ ਤੇ ਹਨੇਰੀ ਵਿੱਚ 3 ਦਿਨਾਂ ਤੋਂ ਭੁੱਖੇ ਪਿਆਸੇ ਟਾਵਰ ਉਪੱਰ ਚੜ੍ਹ ਕੇ ਬੈਠੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ। ਉਲਟਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤੇ ਗਏ ਹਨ।
ਟਾਵਰ ’ਤੇ ਚੜ੍ਹੇ ਦੋਵੇਂ ਸੰਘਰਸ਼ੀ ਕਾਰਕੁਨਾਂ ਸੁਰਿੰਦਰਪਾਲ ਗੁਰਦਾਸਪੁਰ ਤੇ ਹਰਜੀਤ ਮਾਨਸਾ ਨੇ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਜਾਰੀ ਕਰਕੇ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਦੂਜੇ ਪਾਸੇ ਉਨ੍ਹਾਂ ਦੇ ਸ਼ਹਿਰ ਪਟਿਆਲਾ ਵਿਚ ਦੋ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹੇ ਹੋਏ ਹਨ ਅਤੇ ਸਰਕਾਰ ਸਾਰ ਲੈਣ ਦੀ ਬਜਾਏ ਉਲਟਾ ਮਾਨਸ਼ਿਕ ਪ੍ਰੇਸ਼ਾਨੀਆਂ ਦੇ ਰਹੀ ਹੈ। ਉਨ੍ਹਾਂ ਟੈੱਟ ਪਾਸ ਟੀ.ਟੀ.ਟੀ. ਅਧਿਆਪਕਾਂ ਦੀ ਨਵੀਂ ਭਰਤੀ ਬਿਨਾਂ ਵਾਧੂ ਸ਼ਰਤਾਂ ਤੁਰੰਤ ਕਰਨ ਦੀ ਮੰਗ ਮੁੜ ਦੁਹਰਾਈ। ਉਨਾਂ ਹੈਰਾਨੀ ਪ੍ਰਗਟਾਈ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਕੱਢਣ ਦੀ ਬਜਾਏ ਸੰਘਰਸ਼ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜੇਕਰ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੁਹੱਈਆ ਕਰਵਾਇਆ ਹੁੰਦਾ ਤਾਂ ਉਨ੍ਹਾਂ ਨੂੰ ਟਾਵਰਾਂ ’ਤੇ ਚੜ੍ਹ ਕੇ ਜ਼ਿੰਦਗੀ ਨੂੰ ਜੋਖਮ ’ਚ ਪਾਉਣ ਦੀ ਕੀ ਲੋੜ ਸੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਝੂਠ ਬੋਲਣ ਦੇ ਕਲਾਕਾਰ ਸਾਬਤ ਹੋ ਰਹੇ ਹਨ। ਉਨ੍ਹਾਂ ਈਟੀਟੀ ਦੀਆਂ 2364 ਅਸਾਮੀਆਂ ਵੇਲੇ ਪਹਿਲ ਦੇ ਅਧਾਰ ਤੇ ਈਟੀਟੀ ਟੈੱਟ ਪਾਸ ਉਮੀਦਵਾਰਾਂ ਨੂੰ ਵਿਚਾਰਨ, 10000 ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਤੇ ਸਿੱਖਿਆ ਪ੍ਰੋਵਾਈਡਰ ਤੇ ਵਾਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਉਣ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰੇਗੀ ਉਦੋਂ ਤੱਕ ਉਹ ਟਾਵਰ ’ਤੇ ਸੰਘਰਸ਼ ਮਘਾਈ ਰੱਖਣਗੇ।