ਪੱਤਰ ਪ੍ਰੇਰਕ
ਪਾਤੜਾਂ, 13 ਜਨਵਰੀ
ਕਾਰ ਬਾਜ਼ਾਰ ਪਾਤੜਾਂ ਵਿੱਚੋਂ ਕਾਰ ਖ਼ਰੀਦਣ ਆਏ ਦੋ ਅਣਪਛਾਤੇ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਚਿੱਟੇ ਰੰਗ ਦੀ ਸਕੋਡਾ ਕਾਰ ਲੈ ਕੇ ਫ਼ਰਾਰ ਹੋ ਗਏ ਜਦੋਂਕਿ ਕਾਰ ਖੋਹਣ ਵਾਲੇ ਵਿਅਕਤੀ ਆਪਣੀ ਸਵਿਫਟ ਕਾਰ ਛੱਡ ਗਏ ਹਨ। ਕਾਰ ਖੋਹੀ ਜਾਣ ਦੀ ਸੂਚਨਾ ਮਿਲਦੇ ਸਾਰ ਪਾਤੜਾਂ ਪੁਲੀਸ ਨੇ ਜ਼ਿਲ੍ਹਾ ਸੰਗਰੂਰ ਤੇ ਆਸ ਪਾਸ ਦੀ ਪੁਲੀਸ ਨੂੰ ਸੂਚਤ ਕਰਨ ਉਪਰੰਤ ਕਾਰ ਪੈਲੇਸ ਦੇ ਬਿਆਨਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰ ਦੀ ਭਾਲ ਤੇਜ਼ ਕਰ ਦਿੱਤੀ ਹੈ। ਸ਼ਹਿਰ ਦੇ ਕਾਰ ਬਾਜ਼ਾਰ ਵਿੱਚ 90 ਫੁੱਟੀ ਰੋਡ ਸਥਿਤ ਘੱਗਾ ਮੋਟਰ ਤੋਂ ਕਾਰ ਖਰੀਦਣ ਲਈ ਆਏ ਦੋ ਵਿਅਕਤੀਆਂ ਨੇ ਕਾਰ ਪੈਲੇਸ ਦੇ ਮਾਲਕ ਨਿਰਮਲ ਸਿੰਘ ਕੋਲ ਖੜੋਤੀ ਚਿੱਟੇ ਰੰਗ ਦੀ ਸਕੌਡਾ ਕਾਰ ਪਸੰਦ ਕੀਤੀ ਅਤੇ ਟਰਾਈ ਦਿਵਾਉਣ ਲਈ ਕਿਹਾ ਤਾਂ ਕਾਰ ਪੈਲੇਸ ਦੇ ਮਾਲਕ ਨੇ ਦੁਕਾਨ ਤੇ ਕੰਮ ਕਰਦੇ ਮਨਪ੍ਰੀਤ ਸਿੰਘ ਮਨੀ ਨੂੰ ਟੈਸਟ ਡਰਾਈਵ ਲਈ ਉਨ੍ਹਾਂ ਦੇ ਨਾਲ ਭੇਜ ਦਿੱਤਾ। ਅਣਪਛਾਤੇ ਵਿਅਕਤੀਆਂ ਨੇ ਸੂਲਰ ਘਰਾਟ ਸੰਗਰੂਰ ਵਿੱਚ ਮਨਪ੍ਰੀਤ ਸਿੰਘ ਨੂੰ ਕਾਰ ’ਚੋਂ ਧੱਕਾ ਦੇ ਦਿੱਤਾ ਅਤੇ ਕਾਰ ਸਮੇਤ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਕਾਰ ਲੈ ਕੇ ਜਾਣ ਵਾਲੇ ਵਿਅਕਤੀ ਜਿਸ ਕਾਰ ਵਿੱਚ ਆਏ ਸਨ ਉਹ ਆਪਣੀ ਸਵਿਫ਼ਟ ਕਾਰ ਜਿਸ ਉਤੇ ਰਜਿਸਟ੍ਰੇਸ਼ਨ ਨੰਬਰ ਪੀ.ਬੀ 03 ਏਐਨ 8899 ਕਾਰ ਪੈਲੇਸ ’ਤੇ ਛੱਡ ਗਏ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਰਛਪਾਲ ਸਿੰਘ ਢੀਂਡਸਾ ਸਮੇਤ ਪੁਲੀਸ ਪਾਰਟੀ ਮੌਕੇ ਵਾਲੀ ਥਾਂ ਉੱਤੇ ਪਹੁੰਚ ਗਈ।ਜਾਣਕਾਰੀ ਮੁਤਾਬਕ ਉਪਰੋਕਤ ਵਿਅਕਤੀ ਘੱਗਾ ਦੇ ਪਿੰਡ ਬਰਾਸ ਤੋਂ ਹੁੰਦੇ ਹੋਏ ਦਿੜ੍ਹਬਾ ਇਲਾਕੇ ਵੱਲ ਗਏ ਹਨ। ਪੁਲੀਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਕਰ ਰਹੀ ਹੈ।