ਸੁਭਾਸ਼ ਚੰਦਰ
ਸਮਾਣਾ, 16 ਅਕਤੂਬਰ
ਮਠਿਆਈ ਦੀ ਦੁਕਾਨ ਤੋਂ ਪਸੰਦੀਦਾ ਮਠਿਆਈ ਨਾ ਮਿਲਣ ਤੋਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਦੁਕਾਨ ਮਾਲਕ ਅਤੇ ਉਸ ਦੇ ਭਤੀਜੇ ਦੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਸਬੰਧੀ ਸਿਟੀ ਪੁਲੀਸ ਨੇ ਰਾਜਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਸਮਾਣਾ ਅਤੇ ਗਗਨਦੀਪ ਸਿੰਘ ਵਾਸੀ ਇੰਦਰਾਪੁਰੀ ਸਮਾਣਾ ਸਣੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸਿਟੀ ਪੁਲੀਸ ਦੇ ਐੱਸ.ਐੱਚ.ਓ. ਸੁਰਿੰਦਰ ਭੱਲਾ ਅਤੇ ਏ.ਐੱਸ.ਆਈ ਲਾਲੀ ਰਾਮ ਨੇ ਦੱਸਿਆ ਕਿ ਵਿਕੀ ਸਵੀਟਸ ਦੇ ਮਾਲਕ ਸੰਜੀਵ ਪਾਠਕ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ 14 ਅਕਤੂਬਰ ਨੂੰ ਰਾਤੀ ਦੁਕਾਨ ਬੰਦ ਕਰਦੇ ਸਮੇਂ ਦੁਕਾਨ ’ਤੇ ਪਹੁੰਚੇ ਕੁਝ ਨੌਜਵਾਨਾਂ ਨੇ ਹਲਵੇ ਦੀ ਮੰਗ ਕੀਤੀ ਪਰ ਹਲਵਾ ਖਤਮ ਹੋ ਜਾਣ ਬਾਰੇ ਦੱਸੇ ਜਾਣ ’ਤੇ ਉਨ੍ਹਾਂ ਨੇ ਦੁਕਾਨ ਵਿੱਚ ਮੌਜੂਦ ਉਸ ਦੇ ਬੇਟੇ ਮਾਨਵ ਤੇ ਭਰਾ ਰਾਜੀਵ ਪਾਠਕ ਨਾਲ ਬਹਿਸ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਅਧਿਕਾਰੀ ਦੇ ਅਨੁਸਾਰ ਪੁਲੀਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਵੇਗੀ।