ਅਸ਼ਵਨੀ ਗਰਗ
ਸਮਾਣਾ, 30 ਮਾਰਚ
ਕੋਵਿਡ 19 ਤੋਂ ਬਚਾਅ ਲਈ ਕੋਵਿਡ ਦਾ ਟੀਕਾ ਲਗਾਉਣ ਲਈ ਅਤੇ ਦੂਜਿਆ ਨੂੰ ਪ੍ਰੇਰਿਤ ਕਰਨ ਲਈ ਸਿਹਤ ਵਿਭਾਗ ਵੱਲੋਂ ਅੱਜ ਆਂਗਣਵਾੜੀ ਵਰਕਰਾਂ ਦੀ ਜਾਗਰੂਕਤਾ ਮੀਟਿੰਗ ਸਥਾਨਕ ਸਿਵਲ ਹਸਪਤਾਲ ਵਿੱਚ ਰੱਖੀ ਗਈ । ਇਸ ਮੌਕੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਦੂਜਿਆਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰਨ ਵਾਲੇ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੇ ਖੁਦ ਕੋਵਿਡ ਨਿਯਮਾਂ ਤੇ ਪੰਜਾਬ ਸਰਕਾਰ ਦੇ 20 ਤੋਂ ਵੱਧ ਵਿਅਕਤੀਆਂ ਦੇ ਇੱਕ ਕਮਰੇ ਵਿਚ ਇੱਕਠੇ ਹੋਣ ’ਤੇ ਲਾਈ ਰੋਕ ਦੇ ਬਾਵਜੂਦ 100 ਦੇ ਕਰੀਬ ਜਣਿਆਂ ਦੀ ਮੀਟਿੰਗ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਐੱਸਐੱਮਓ ਦਾ ਦਫ਼ਤਰ ਛੋਟਾ ਹੋਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਕਿਸੇ ਨੇ ਪਾਲਣਾ ਨਾ ਕੀਤੀ। ਐੱਸਡੀਐੱਮ ਸਮਾਣਾ ਦੀ ਹਾਜ਼ਰੀ ਵਿਚ ਸਿਹਤ ਵਿਭਾਗ ਵੱਲੋਂ ਰੱਖੀ ਗਈ ਇਸ ਜਾਗਰੂਕਤਾ ਮੀਟਿੰਗ ਦੌਰਾਨ 70 ਦੇ ਕਰੀਬ ਆਂਗਨਵਾੜੀ ਵਰਕਰਾਂ, ਸਿਹਤ ਵਿਭਾਗ ਦੇ ਡਾਕਟਰਾਂ, ਸਟਾਫ਼, ਨਗਰ ਕੌਂਸਲ ਦੇ ਈਓ ਸਮੇਤ 80 ਤੋਂ 90 ਜਣੇ ਬੈਠੇ ਸਨ। ਇਸ ਬਾਰੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਐੱਸਡੀਐੱਮ ਵੱਲੋਂ ਰੱਖੀ ਗਈ ਸੀ। ਉਨ੍ਹਾਂ ਨਾਲ ਹੀ ਕਿਸੇ ਤਰ੍ਹਾਂ ਦੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਗੱਲ ਆਖ ਕੇ ਫੋਨ ਬੰਦ ਕਰ ਦਿੱਤਾ।
ਵਰਕਰਾਂ ਨੇ ਕਰੋਨਾ ਵੈਕਸੀਨ ਖ਼ੁਦ ਨਹੀਂ ਲਵਾਈ
ਸਿਹਤ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਉਨ੍ਹਾਂ ਰਾਹੀਂ ਆਮ ਲੋਕਾਂ ਨੂੰ ਕਰੋਨਾ ਵੈਕਸੀਅਨ ਲਗਾਉਣ ਲਈ ਪ੍ਰੇਰਿਤ ਕਰਨ ਦਾ ਯਤਨ ਉਸ ਸਮੇਂ ਧਰਿਆ ਧਰਾਇਆ ਰਹਿ ਗਿਆ ਜਦੋਂ ਡਾਕਟਰਾਂ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੇ ਬਾਵਜੂਦ ਕੁੱਝ ਵਰਕਰਾਂ ਨੂੰ ਛੱਡ ਕੇ ਉਨ੍ਹਾਂ ਖੁਦ ਟੀਕਾ ਨਹੀਂ ਲਗਾਵਾਇਆ। ਅਜਿਹੇ ਵਿਚ ਉਨ੍ਹਾਂ ਰਾਹੀਂ ਆਮ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਦਾ ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਦਾ ਯਤਨ ਫੇਲ੍ਹ ਸਾਬਤ ਹੋਇਆ। ਆਂਗਣਵਾੜੀ ਵਰਕਰਾਂ ਦਾ ਕਹਿਣਾ ਸੀ ਕਿ ਸਰਕਾਰ ਜਾ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁੱਧ ਨਹੀਂ ਲੈਂਦਾ, ਅਜਿਹੇ ਵਿਚ ਜੇ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਕੋਣ ਜ਼ਿੰਮੇਵਾਰ ਹੈ। ਸਰਕਾਰ ਨੇ ਤਾਂ ਉਨ੍ਹਾਂ ਨੂੰ ਕਰੋਨਾ ਸਮੇਂ ਸੇਨੇਟਾਈਜ਼ਰ ਤੱਕ ਵੀ ਮੁਹੱਈਆ ਨਹੀਂ ਕਰਵਾਇਆ।