ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਈ
ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ 6 ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਨੇ ਪੀ.ਆਰ.ਟੀ.ਸੀ. ਦੇ ਮੌਜੂਦਾ ਵਰਕਰਾਂ ਨੂੰ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਨਾ ਕੀਤੇ ਜਾਣ ’ਤੇ ਰੋਸ ਪ੍ਰਗਟ ਕਰਦਿਆਂ ਆਪ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਮੈਨੇਜਮੈਂਟ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕੀਤੀ ਗਈ, ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ, ਵਿਦਿਆਰਥੀਆਂ, ਪੁਲੀਸ, ਸੁਤੰਤਰਤਾ ਸੰਗਰਾਮੀਆਂ ਆਦਿ ਨੂੰ ਮੁਫ਼ਤ ਅਤੇ ਰਿਆਇਤੀ ਸਫ਼ਰ ਆਪਣੀ ਭੱਲ ਖੱਟਣ ਅਤੇ ਵੋਟ ਰਾਜਨੀਤੀ ਲਈ ਦਿੱਤਾ ਜਾ ਰਿਹਾ ਹੈ। ਪਰ ਇਸ ਬਦਲੇ ਬਣਦੀ ਰਕਮ ਦੀ ਅਦਾਇਗੀ ਪੀ.ਆਰ.ਟੀ.ਸੀ. ਨੂੰ ਸਮੇਂ ਸਿਰ ਨਹੀਂ ਕੀਤੀ ਜਾਂਦੀ ਜਿਸ ਦਾ ਸਿੱਟਾ ਹੈ ਕਿ ਸਰਕਾਰ ਵੱਲ ਪੀ.ਆਰ.ਟੀ.ਸੀ. ਦੇ 200 ਕਰੋੜ ਬਕਾਇਆ ਹੋ ਗਿਆ ਹੈ 2 ਮਹੀਨੇ ਦੇ ਆਪਣੇ ਕਾਰਜਕਾਲ ਵਿੱਚ ਮਾਨ ਸਰਕਾਰ ਨੇ ਇਕ ਧੇਲਾ ਵੀ ਪੀ.ਆਰ.ਟੀ.ਸੀ. ਨੂੰ ਨਹੀਂ ਦਿੱਤਾ। ਇਸ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।