ਨਿਜੀ ਪੱਤਰ ਪ੍ਰੇਰਕ
ਪਟਿਆਲਾ, 1 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨ ਖ਼ਿਲਾਫ਼ ਕੱਢੇ ਗਏ ਰੋਸ ਮਾਰਚ ਜਿਸ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਕਰ ਰਹੇ ਸਨ ਦੇ ਪਟਿਆਲਾ ਪੁੱਜਣ ’ਤੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰੱਖੜਾ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਤਾਦਾਦ ਟਰੈਕਟਰਾਂ ਦਾ ਮਾਰਚ ਵੀ ਚੰਡੀਗੜ੍ਹ ਵੱਲ ਆਰੰਭ ਹੋਇਆ। ਇਸ ਦੌਰਾਨ ਬੀਬੀ ਬਾਦਲ ਨੇ ਅਕਾਲੀ ਵਰਕਰਾਂ ਦਾ ਸਤਿਕਾਰ ਹੱਥ ਜੋੜ ਕੇ ਕਬੂਲ ਕਰਦਿਆਂ ਉੱਚੀ ਸੁਰ ’ਚ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਦੇ ਹਿੱਤਾਂ ’ਤੇ ਡਟਕੇ ਪਹਿਰਾ ਦੇਣ ਤੋਂ ਹਿਚਕਣਗੇ ਨਹੀਂ ਤੇ ਆਖ਼ਿਰ ਜਿੱਤ ਕਿਸਾਨੀ ਦੀ ਹੋਵੇਗੀ। ਪਟਿਆਲਾ ਜ਼ਿਲੇ ਦੀ ਐਂਟਰੀ ’ਤੇ ਹੋਏ ਜ਼ੋਰਦਾਰ ਸਵਾਗਤ ਮਗਰੋਂ ਪਟਿਆਲਾ ਸ਼ਹਿਰ ਤੇ ਜ਼ਿਲੇ ਦੇ ਵੱਖ ਵੱਖ ਹਲਕਾ ਇੰਚਾਰਜਾਂ ਤੇ ਹੋਰ ਅਕਾਲੀ ਦਲ ਦੇ ਆਗੂਆਂ ਵੱਲੋਂ ਵੱਖ ਵੱਖ ਸਵਾਗਤੀ ਪੁਆਇੰਟਾਂ ’ਤੇ ਬੀਬੀ ਬਾਦਲ ਦਾ ਕੇਸਰੀ ਝੰਡੇ ਲਹਿਰਾ ਕੇ ਸਵਾਗਤ ਕੀਤਾ। ਵੱਖ ਵੱਖ ਹਲਕਿਆਂ ’ਚੋਂ ਹਜ਼ਾਰਾਂ ਦੀ ਤਾਦਾਦ ਟਰੈਕਟਰ ਪਟਿਆਲਾ ਤੋਂ ਜ਼ੀਰਕਪੁਰ-ਚੰਡੀਗੜ ਵੱਲ ਵਧਦੇ ਰਹੇ। ਅਜਿਹੇ ਦੌਰਾਨ ਪਟਿਆਲਾ ਚੰਡੀਗੜ੍ਹ ਦੱਖਣੀ ਬਾਈਪਾਸ ਤੋਂ ਵੱਖ ਵੱਖ ਥਾਈਂ ਅਕਾਲੀ ਦਲ ਦੇ ਆਗੂਆਂ ਵੱਲੋਂ ਰੱਖੇ ਗਏ ਸਵਾਗਤੀ ਪੁਆਇੰਟ ’ਤੇ ਬੀਬੀ ਬਾਦਲ ਦੇ ਕਾਫ਼ਲੇ ਦਾ ਸਵਾਗਤ ਕੀਤਾ। ਹਲਕਾ ਸਨੌਰ ਦੇ ਲੋਕ ਕੇਂਦਰੀ ਦੀ ਮੋਦੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਇੱਕਜੁਟ ਦਿਖਾਈ ਦਿੱਤੇ। ਹਲਕਾ ਸਨੌਰ ਤੋਂ ਕਮਾਂਡੋ ਕੰਪਲੈਕਸ ਕੋਲ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਜਗਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਇੱਕ ਹਜ਼ਾਰ ਤੋਂ ਜਿਆਦਾ ਟਰੈਕਟਰ-ਟਰਾਲੀਆਂ ਤੇ ਕਾਰਾਂ ਦੇ ਕਾਫਲੇ ਤੋਂ ਇਲਾਵਾ ਹਜ਼ਾਰਾਂ ਦੀ ਸੰਖਿਆ ’ਚ ਲੋਕਾਂ ਨੇ ਅਕਾਲੀ ਦਲ ਦੇ ਰੋਸ ਮਾਰਚ ਵਿੱਚ ਭਾਗ ਲਿਅ।
ਇਸੇ ਤਰ੍ਹਾਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਕੁਲਦੀਪ ਕੌਰ ਟੌਹੜਾ, ਬੀਬੀ ਵਨਿੰਦਰ ਕੌਰ ਲੂੰਬਾ, ਪਟਿਆਲਾ ਦਿਹਾਤੀ ਹਲਕੇ ਇੰਚਾਰਜ ਤੇ ਮਾਲਵਾ ਜੋਨ ਦੋ ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ, ਪਟਿਆਲਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ, ਚਰਨਜੀਤ ਸਿੰਘ ਰੱਖੜਾ ਆਦਿ ਹਾਜ਼ਰ ਸਨ।