ਪੱਤਰ ਪ੍ਰੇਰਕ
ਘਨੌਰ, 27 ਅਗਸਤ
ਇਸ ਖੇਤਰ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਔਰਤਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਸੁਨੀਲ ਕੁਮਾਰ ਵਾਸੀ ਨੇੜੇ ਗੜ੍ਹਵਾਲੀ ਧਰਮਸ਼ਾਲਾ ਚੰਦਰਪੁਰੀ ਅੰਬਾਲਾ ਆਪਣੀ ਮਾਤਾ ਸੱਤਿਆ ਰਾਣੀ ਨਾਲ ਮੋਟਰਸਾਈਕਲ ’ਤੇ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹਮਾਰਗ ’ਤੇ ਮਹਿਮਦਪੁਰ ਬੈਰੀਅਰ ਨੇੜਲੇ ਓਵਰਬ੍ਰਿਜ ’ਤੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸੱਤਿਆ ਰਾਣੀ ਦੀ ਮੌਤ ਹੋ ਗਈ। ਦੂਜਾ ਹਾਦਸਾ ਇਸੇ ਸੜਕ ’ਤੇ ਵਾਪਰਿਆ। ਜਾਣਕਾਰੀ ਮੁਤਾਬਕ ਉਪਿੰਦਰ ਵਾਸੀ ਪਿੰਡ ਪਿੰਜੋਖਰਾ ਜ਼ਿਲ੍ਹਾ ਅੰਬਾਲਾ ਬੀਤੇ ਕੱਲ੍ਹ ਦੁਪਹਿਰ ਤੋਂ ਪਹਿਲਾਂ ਆਪਣੀ ਪਤਨੀ ਸਪਨਾ ਸਮੇਤ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਨਾਲ ਇੱਕ ਹੋਰ ਮੋਟਰਸਾਈਕਲ ਟਕਰਾ ਗਿਆ ਜਿਸ ਕਾਰਨ ਸਪਨਾ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕਾਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।