ਬਹਾਦਰ ਸਿੰਘ ਮਰਦਾਂਪੁਰ
ਘਨੌਰ, 10 ਮਈ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਨਹਾਉਣ ਗਏ ਦੋ ਸਕੂਲੀ ਵਿਦਿਆਰਥੀਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਖਵੀਰ ਸਿੰਘ (16) ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਨਰੜੂ ਜ਼ਿਲ੍ਹਾ ਪਟਿਆਲਾ ਅਤੇ ਪ੍ਰਦੀਪ ਸਿੰਘ (16) ਪੁੱਤਰ ਰਾਮ ਸ਼ਰਨ ਵਾਸੀ ਪਿੰਡ ਰਾਮਪੁਰ ਕਲਾਂ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਵਿਦਿਆਰਥੀ ਬਨੂੜ ਦੇ ਸਕੂਲ ਵਿੱਚ ਪੜ੍ਹਦੇ ਸਨ ਅਤੇ ਕੁਝ ਹੋਰਨਾਂ ਵਿਦਿਆਰਥੀਆਂ ਨਾਲ ਦੁਪਹਿਰ ਵੇਲੇ ਪਿੰਡ ਖੇੜੀ ਗੰਡਿਆਂ ਨੇੜੇ ਨਰਵਾਣਾਂ ਨਹਿਰ ਵਿੱਚ ਨਹਾਉਣ ਆਏ ਸਨ। ਜਦੋਂ ਪ੍ਰਦੀਪ ਸਿੰਘ ਨਹਾਉਣ ਲਈ ਨਹਿਰ ਦੀਆਂ ਪੌੜੀਆਂ ’ਤੇ ਖੜ੍ਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਲਖਵੀਰ ਸਿੰਘ ਵੀ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਬਹਿ ਗਿਆ। ਜਦੋਂ ਕਿ ਘਟਨਾ ਵਾਪਰਨ ਮੌਕੇ ਮੌਜੂਦ ਇਨ੍ਹਾਂ ਵਿਦਿਆਰਥੀਆਂ ਦੇ ਹੋਰ ਸਾਥੀ ਉਥੋਂ ਭੱਜ ਗਏ। ਗੋਤਾਖੋਰਾਂ ਨੇ ਦੋਵੇਂ ਵਿਦਿਆਰਥੀਆਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਵਾਸੀ ਪਿੰਡ ਨਰੜੂ ਅਤੇ ਰਾਮ ਸ਼ਰਨ ਵਾਸੀ ਪਿੰਡ ਰਾਮਪੁਰ ਕਲਾਂ ਦੇ ਬਿਆਨ ’ਤੇ ਪੁਲੀਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਭਾਖੜਾ ਅਤੇ ਹੋਰ ਨਹਿਰਾਂ ਵਿੱਚ ਨਹਾਉਣ ’ਤੇ ਪਾਬੰਦੀ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ਨਹਿਰਾਂ ਵਿੱਚ ਕਿਸੇ ਵੀ ਸਥਾਨ ’ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਆਮ ਲੋਕ ਭਾਖੜਾ ਨਹਿਰ ਅਤੇ ਜ਼ਿਲ੍ਹੇ ਦੀਆਂ ਹੋਰ ਵੱਡੀਆਂ ਤੇ ਛੋਟੀਆਂ ਨਹਿਰਾਂ ਵਿੱਚ ਨਹਾਉਣ ਲਈ ਜਾਂਦੇ ਹਨ। ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਇਨ੍ਹਾਂ ਨਦੀਆਂ/ਨਹਿਰਾਂ ਵਿੱਚ ਤੈਰਨ/ਨਹਾਉਣ ਵਾਲੇ ਵਿਅਕਤੀ ਪਾਣੀ ਵਿੱਚ ਰੁੜ੍ਹ/ਡੁੱਬ ਜਾਂਦੇ ਹਨ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੀਆਂ ਨਹਿਰਾਂ ਵਿੱਚ ਨਹਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।