ਪੱਤਰ ਪ੍ਰੇਰਕ
ਪਟਿਆਲਾ, 21 ਸਤੰਬਰ
ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਵਿਚ ਨਾਜਾਇਜ਼ ਖਣਨ ਦਾ ਮਾਮਲਾ ਕਾਫ਼ੀ ਗਰਮ ਹੈ, ਇਸ ਦੇ ਮੱਦੇਨਜ਼ਰ ਲਈ ਗਈ ਆਰਟੀਆਈ ਵਿਚ ਖ਼ੁਲਾਸਾ ਹੋਇਆ ਹੈ ਕਿ 1 ਜੁਲਾਈ 2022 ਤੋਂ ਬਾਅਦ ਪੰਜਾਬ ਵਿਚ ਸਿਰਫ਼ ਦੋ ਖੱਡਾਂ ਜਾਇਜ਼ ਤੌਰ ’ਤੇ ਚੱਲ ਰਹੀਆਂ ਹਨ। ਦੇਖਣ ਵਿਚ ਆਇਆ ਹੈ ਕਿ ਪੰਜਾਬ ਵਿਚ ਤਾਂ ਬਹੁਤ ਸਾਰੀਆਂ ਖੱਡਾਂ ਤੋਂ ਰੇਤਾ ਕੱਢਿਆ ਜਾ ਰਿਹਾ ਹੈ ਤਾਂ ਫਿਰ ਇਹ ਖੱਡਾਂ ਕਿਸ ਦੇ ਹੁਕਮਾਂ ਨਾਲ ਚੱਲ ਰਹੀਆਂ ਹਨ।
ਡਾ. ਧਰਮਵੀਰ ਗਾਂਧੀ ਨੇ ਆਰਟੀਆਈ ਕਾਰਕੁਨ ਮਾਣਕ ਗੋਇਲ ਵੱਲੋਂ ਲਈ ਆਰਟੀਆਈ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਕਿਹਾ ਹੈ ਕਿ ਇੱਕ ਖੱਡ ਪਿੰਡ ਬਲੀਏਵਾਲ ਅਤੇ ਦੂਜੀ ਖ਼ਾਸੀ ਕਲਾਂ ਵਿਚ ਹੈ, ਦੋਵੇਂ ਲੁਧਿਆਣੇ ਵਿੱਚ ਹਨ। ਡਾ. ਗਾਂਧੀ ਨੇ ਹਰਜੋਤ ਬੈਂਸ ਤੋਂ ਸਵਾਲ ਕਰਦਿਆਂ ਪੁੱਛਿਆ ਹੈ ਕਿ ਬਾਕੀ ਖੱਡਾਂ ਕਿਸ ਦੀ ਇਜਾਜ਼ਤ ਨਾਲ ਚੱਲ ਰਹੀਆਂ ਹਨ।ਇਹ ਖੱਡਾਂ ਅਨੰਦਪੁਰ, ਰੋਪੜ, ਪਠਾਨਕੋਟ, ਤਰਨ ਤਾਰਨ, ਫ਼ਿਰੋਜਪੁਰ, ਕਪੂਰਥਲਾ, ਜਲੰਧਰ ਅਤੇ ਹੋਰ ਪੰਜਾਬ ਦੇ ਇਲਾਕਿਆਂ ਵਿੱਚ ਧੜਾਧੜ ਚੱਲ ਰਹੀਆਂ ਹਨ। ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਰਾਵੀ ’ਚ ਵੀ ਖਣਨ ਖ਼ਤਰਨਾਕ ਤਰੀਕੇ ਨਾਲ ਚੱਲ ਰਹੀ ਹੈ। ਡਾ. ਗਾਂਧੀ ਨੇ ਮੀਡੀਆ ਨੂੰ ਕਿਹਾ ਹੈ ਕਿ ਆਰਮੀ ਅਤੇ ਬੀਐਸਐਫ ਨੇ ਬਾਡਰ ਤੇ ਹੋ ਰਹੀ ਮਾਈਨਿੰਗ ਬਾਰੇ ਕੋਰਟ ਚ ਵੀ ਕਿਹਾ ਹੈ।