ਪੱਤਰ ਪ੍ਰੇਰਕ
ਰਾਜਪੁਰਾ, 11 ਅਕਤੂਬਰ
ਐਂਟੀ-ਨਾਰਕੋਟਿਕ ਸੈੱਲ ਪਟਿਆਲਾ ਦੀ ਪੁਲੀਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਐਂਟੀ-ਨਾਰਕੋਟਿਕ ਸੈੱਲ ਪਟਿਆਲਾ ਦੇ ਸਹਾਇਕ ਥਾਣੇਦਾਰ ਜਜਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਵੱਲੋਂ ਸਮੇਤ ਪੁਲੀਸ ਪਾਰਟੀ ਆਈਸੀਐੱਲ ਵਾਲੇ ਅੰਡਰਬ੍ਰਿਜ ਨੇੜੇ ਨਾਕਾਬੰਦੀ ਦੌਰਾਨ ਜਦੋਂ ਇੱਕ ਕਾਰ ਵਿੱਚ ਸਵਾਰ ਦੋ ਸ਼ੱਕੀ ਵਿਅਕਤੀਆਂ ਸ਼ੁਭਮ ਅਤੇ ਹਰਜੰਟ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਕੀਮਤ ਦੀ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ’ਚ ਪੁਲੀਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।