ਨਿਜੀ ਪੱਤਰ ਪ੍ਰੇਰਕ
ਨਾਭਾ, 15 ਜੂਨ
ਇਥੋਂ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਇਰਾਦਾ ਕਤਲ ਦੇ ਦੋਸ਼ ਹੇਠ ਬੰਦ ਹਵਾਲਾਤੀ ਰਿਸ਼ਭ ਬੈਨੀਪਾਲ ਕੋਲੋਂ ਕਥਿਤ ਤੌਰ ’ਤੇ ਦੋ ਮੋਬਾਈਲ ਤੇ ਦੋ ਸਿਮ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਨੇ ਸੂਚਨਾ ਦੇ ਆਧਾਰ ’ਤੇ ਬੈਨੀਪਾਲ ਦੇ ਬੈਗ ਦੀ ਤਲਾਸ਼ੀ ਲਈ, ਜਿਸ ਵਿੱਚੋਂ ਇਹ ਮੋਬਾਈਲ ਬਰਾਮਦ ਕੀਤੇ ਦੱਸੇ ਜਾਂਦੇ ਹਨ।
ਇਸ ਤੋਂ ਇਲਾਵਾ ਬੈਰਕ ਦੇ ਪਾਣੀ ਦੀ ਨਿਕਾਸੀ ਵਾਲੇ ਪਾਈਪ ’ਚੋਂ 6 ਚਾਰਜਰ, 4 ਈਅਰਫੋਨ, 2 ਡਾਟਾ ਕੇਬਲ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਬੈਰਕ ਦੇ ਗੇਟ ਨੇੜਿਓਂ ਮਿੱਟੀ ’ਚੋਂ ਵੀ ਇਕ ਮੋਬਾਈਲ ਮਿਲਿਆ ਹੈ। ਇਸ ਦੇ ਨਾਲ ਹੀ ਇਕ ਚੱਪਲ ਵਿਚੋਂ ਵੀ ਮੋਬਾਈਲ ਮਿਲਿਆ ਹੈ। ਮੁਲਜ਼ਮ ਨੇ ਚੱਪਲ ਨੂੰ ਕੱਟ ਕੇ ਉਸ ਵਿੱਚ ਮੋਬਾਈਲ ਛਿਪਾਇਆ ਹੋਇਆ ਸੀ। ਨਾਭਾ ਪੁਲੀਸ ਨੇ ਲੁਧਿਆਣਾ ਨਿਵਾਸੀ ਬੈਨੀਪਾਲ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਕੱਲ੍ਹ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।