ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 31 ਮਾਰਚ
ਦਿੱਲੀ-ਅੰਮ੍ਰਿਤਸਰ ਕੌਂਮੀ ਸ਼ਾਹ ਰਾਹ ’ਤੇ ਰਾਜਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੋਗਾ ਸਿੰਘ (46) ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਸੀੜਾ ਥਾਣਾ ਘਣੀਏ ਕੇ ਬਾਗਰ ਜ਼ਿਲ੍ਹਾ ਗੁਰਦਾਸਪੁਰ ਅਤੇ ਉਸ ਦਾ ਸਹਾਇਕ ਕਾਰਜ ਮਸੀਹ (25) ਪੁੱਤਰ ਪਰਵੇਜ ਮਸੀਹ ਵਾਸੀ ਪਿੰਡ ਫਤਿਹਵਾਲਾ ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਆਪਣੇ ਸਵਰਾਜ 855 ਟਰੈਕਟਰ ਨੰਬਰ. ਪੀ.ਬੀ06 ਵੀ 7931, ਤੂੜੀ ਬਣਾਉਣ ਵਾਲਾ ਰੀਪਰ ਲੈ ਕੇ ਹਰਿਆਣਾ ਦੇ ਪਲਵਲ ਜਾ ਰਹੇ ਸਨ। ਉਨ੍ਹਾਂ ਟਰੈਕਟਰ ਪਿੱਛੇ ਇੱਕ ਰੀਪਰ ਤੇ ਦੋ ਟਰਾਲੀਆਂ ਜੋੜੀਆਂ ਹੋਈਆਂ ਸਨ। ਅੱਜ ਸਵੇਰੇ ਕਰੀਬ 5 ਵਜੇ ਜਦੋਂ ਇਹ ਰਾਜਪੁਰਾ ਨੇੜਲੇ ਪੰਝੀਦਰਾ ਗੰਦਾ ਨਾਲਾ ਦੇ ਪੁਲ ਕੋਲ ਪੁੱਜੇ ਤਾਂ ਪਿੱਛੋਂ ਖਾਦ ਦੇ ਭਰੇ ਟਰਾਲੇ ਨੰ. ਪੀ.ਬੀ 11 ਵੀ.ਐਨ 1970 ਨੇ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਕਰੀਬ ਤਿੰਨ ਫੁੱਟ ਉੱਚੀ ਸੇਫਟੀ ਵਾਲ ’ਤੇ ਲੰਮਕ ਗਿਆ ਅਤੇ ਟਰਾਲੀਆਂ ਸਮੇਤ ਰੀਪਰ ਗੰਦੇ ਨਾਲੇ ਵਿੱਚ ਡਿੱਗ ਗਿਆ। ਟਰਾਲੇ ਹੇਠ ਆਉਣ ਕਾਰਨ ਜੋਗਾ ਸਿੰਘ ਅਤੇ ਕਾਰਜ ਮਸੀਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਏ.ਪੀ. ਜੈਨ ਸਿਵਲ ਹਸਪਤਾਲ ਰਾਜਪੁਰਾ ਅਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਦੋਵਾਂ ਦੀ ਮੌਤ ਹੋ ਗਈ।
ਫੋਕਲ ਪੁਆਇੰਟ ਪੁਲੀਸ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।