ਪੱਤਰ ਪ੍ਰੇਰਕ
ਘਨੌਰ, 7 ਮਈ
ਪਿੰਡ ਸੌਂਟਾ ਵਿੱਚ ਕੱਲ੍ਹ ਰਾਤ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ ਦੋ ਦਰਜਨ ਭੇਡਾਂ ਦੀ ਮੌਤ ਹੋ ਗਈ। ਭੇਡਾਂ ਦੇ ਮਾਲਕ ਆਜੜੀ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਸੌਂਟਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਕੱਲ੍ਹ ਸ਼ਾਮ ਵੇਲੇ ਆਪਣੀਆਂ ਭੇਡਾਂ ਨੂੰ ਵਾੜੇ ਅੰਦਰ ਬੰਦ ਕਰਕੇ ਥੋੜੀ ਦੂਰੀ ’ਤੇ ਆਪਣੇ ਘਰ ਜਾ ਕੇ ਸੌਂ ਗਿਆ। ਸਵੇਰ ਵੇਲੇ ਜਦੋਂ ਉਸ ਨੇ ਵੇਖਿਆ ਤਾਂ ਵਾੜੇ ਦੀ ਚਾਰ ਦੀਵਾਰ ’ਤੇ ਲੱਗੀ ਕੰਡਿਆਲੀ ਤਾਰ ਟੁੱਟੀ ਹੋਈ ਸੀ ਅਤੇ ਅਵਾਰਾ ਕੁੱਤਿਆ ਵੱਲੋਂ ਹਮਲਾ ਕਰਕੇ ਉਸ ਦੀਆਂ ਦੋ ਦਰਜਨ ਭੇਡਾਂ ਨੂੰ ਮਾਰ ਦਿੱਤਾ ਗਿਆ ਅਤੇ 10 ਭੇਡਾਂ ਜ਼ਖ਼ਮੀ ਹੋ ਗਈਆਂ। ਪਿੰਡ ਦੇ ਵਸਨੀਕ ਪਾਲਾ ਰਾਮ, ਸੰਦੀਪ ਕੁਮਾਰ, ਗੁਰਧਿਆਨ ਸਿੰਘ, ਛੋਟੂ ਰਾਮ ਅਤੇ ਗੁਰਜੰਟ ਸਿੰਘ ਸਮੇਤ ਹੋਰਾਂ ਨੇ ਆਖਿਆ ਕਿ ਆਜੜੀ ਭੇਡਾਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਆਜੜੀ ਕ੍ਰਿਸ਼ਨ ਕੁਮਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਦੋ ਦਰਜਨ ਭੇਡਾਂ ਦੀ ਹੋਈ ਮੌਤ ਸਬੰਧੀ ਰਿਪੋਰਟ ਸਬੰਧਤ ਵਿਭਾਗ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਜਵੇਗੀ।