ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ/ਘਨੌਰ, 16 ਸਤੰਬਰ
ਸ਼ਹਿਰੀ ਖੇਤਰ ਵਿੱਚੋਂ ਲੰਘਦੇ ਅੰਮ੍ਰਿਤਸਰ-ਦਿੱਲੀ ਕੌਮੀਸ਼ਾਹ ਮਾਰਗ ’ਤੇ ਕੰਨਵਲ ਹੋਟਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਨੋਦ ਕੁਮਾਰ ਵਾਸੀ ਮਕਾਨ ਨੰ. 115 ਪ੍ਰੇਮ ਸਿੰਘ ਕਲੋਨੀ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਭਰਾ ਸੰਜੇ ਕੁਮਾਰ ਨਾਲ ਮੋਟਰਸਾਈਕਲ ਰੇਹੜੀ ’ਤੇ ਅੰਬਾਲਾ ਰੋਡ ’ਤੇ ਕੰਨਵਲ ਹੋਟਲ ਨੇੜੇ ਜਾ ਰਹੇ ਸਨ ਕਿ ਇੱਕ ਤੇਜ਼ ਰਫਤਾਰ ਕੰਟੇਨਰ ਨੇ ਉਨ੍ਹਾਂ ਦੀ ਮੋਟਰਸਾਈਕਲ ਰੇਹੜੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸੰਜੇ ਕੁਮਾਰ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਸ ਖੇਤਰ ਵਿੱਚੋਂ ਗੁਜ਼ਰਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਰਾਕੇਸ਼ ਸੈਣੀ ਵਾਸੀ ਪਿੰਡ ਰੂਪੋਮਾਜਰਾ ਜ਼ਿਲ੍ਹਾ ਅੰਬਾਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਆਪਣੇ ਮੋਟਰਸਾਈਕਲ ’ਤੇ ਰਾਮ ਸੁਭਾਸ਼ ਸ਼ੰਭੂ ਬੈਰੀਅਰ ਤੋਂ ਬਨੂੰੜ ਵੱਲ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪਿੰਡ ਤੇਪਲਾ ਨੇੜੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਰਾਮ ਸੁਭਾਸ਼ ਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।