ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਕਤੂਬਰ
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਵੱਲੋਂ ਡੀਐੱਸਪੀ ਇਨਵੈਸ਼ਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਕੀਤੀ ਗਈ ਇੱਕ ਅਹਿਮ ਕਾਰਵਾਈ ਦੌਰਾਨ ਦੋ ਖਤਰਨਾਕ ਅਪਰਾਧੀਆਂ ਨੂੰ ਦੋ ਵਿਦੇਸ਼ੀ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੇ ਦੋ ਪਨਾਹਗੀਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਨੂੰ ਵਿਦੇਸ਼ੀ ਹਥਿਆਰ ਮੁਹੱਈਆ ਕਰਵਾਉਣ ਵਾਲੇ ਇੱਕ ਖਾੜਕੂ ਨੂੰ ਵੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਦਬੋਚਣ ਲਈ ਪੁਲੀਸ ਟੀਮਾਂ ਵੱਲੋਂ ਕਈ ਦਿਨਾਂ ਤੋਂ ਸਪੈਸ਼ਲ ਅਪਰੇਸ਼ਨ ਚਲਾਇਆ ਜਾ ਰਿਹਾ ਸੀ, ਜਿਸ ਦੌਰਾਨ ਕਾਬੂ ਕੀਤੇ ਗਏ ਕਮਲਦੀਪ ਸਿੰਘ ਕਮਲ ਕੋਲ਼ੋਂ 32 ਬੋਰ ਦਾ ਇੱਕ ਪਿਸਤੌਲ ਮਿਲਿਆ। ਪੁੱਛਗਿੱਛ ’ਚ ਉਸ ਨੇ ਜਦੋਂ ਦੱਸਿਆ ਕਿ ਵਿਦੇਸ਼ੀ ਹਥਿਆਰ ਉਹ ਪ੍ਰਿਤਪਾਲ ਸਿੰਘ ਗਿਫੀ ਬੱਤਰਾ ਨਾਲ ਰਲ਼ ਕੇ ਪਠਾਨਕੋਟ ਖੇਤਰ ਵਿੱਚੋਂ ਲਿਆਏ ਸਨ ਤਾਂ ਗਿਫੀ ਬੱਤਰਾ ਨੂੰ ਵੀ 2 ਵਿਦੇਸ਼ੀ ਪਿਸਤੌਲਾਂ ਸਮੇਤ ਦਬੋਚ ਲਿਆ ਗਿਆ ਜਿਸ ਖ਼ਿਲਾਫ਼ ਨੌਂ ਕੇਸ ਦਰਜ ਹਨ।
ਇਸ ਮਗਰੋਂ ਜੇਲ੍ਹ ਵਿੱਚ ਬੈਠੇ ਅਤਵਾਦੀ ਗੁਰਦੇਵ ਸਿੰਘ ਪ੍ਰੈਟੀ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ ਕਿਉਂਕਿ ਇਹ ਵਿਦੇਸ਼ੀ ਹਥਿਆਰ ਮੁਲਜ਼ਮਾਂ ਨੂੰ ਪ੍ਰੈਟੀ ਵੱਲੋਂ ਹੀ ਮੁਹੱਈਆ ਕਰਵਾਏ ਜਾਂਦੇ ਰਹੇ ਹਨ। ਪੁਲੀਸ ਅਨੁਸਾਰ ਪ੍ਰੈਟੀ ਪੰਜ ਸਾਲ ਪਾਕਿਸਤਾਨ ਰਹਿ ਕੇ ਆਇਆ ਹੈ। ਪਨਾਹ ਦੇਣ ਸਬੰਧੀ ਫੜੇ ਮੁਲਜ਼ਮਾਂ ’ਚ ਭਵਦੀਪ ਸਿੰਘ ਹਨੀ ਵਾਸੀ ਜ਼ਿਲ੍ਹਾ ਜਗਰਾਓਂ ਅਤੇ ਗੁਰਦਰਸ਼ਨ ਸਿੰਘ ਨਿੱਕੂ ਵਾਸੀ ਜ਼ਿਲ੍ਹਾ ਬਠਿੰਡਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਖਿਲਾਫ਼ ਇੱਥੇ ਥਾਣਾ ਬਖਸ਼ੀਵਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਤੇ ਉਨ੍ਹਾਂ ਕੋਲੋਂ ਫੜੇ ਹਥਿਆਰਾਂ ਬਾਰੇ ਡੀਐੱਸਪੀ ਸੁਖਅੰਮ੍ਰਿਤ ਰੰਧਾਵਾ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਵੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਕਮਲ ਦੀ ਗ੍ਰਿਫ਼ਤਾਰੀ ਪੁਲੀਸ ਵੱਲੋਂ ਕੁਝ ਸਮਾਂ ਪਹਿਲਾਂ ਵਿਦੇਸ਼ੀ ਹਥਿਆਰਾਂ ਸਮੇਤ ਫੜੇ ਗਏ ਹਰਮਨ ਪੋਲੋ ਅਤੇ ਗਗਨਦੀਪ ਤੇਜਾ ਜ਼ਰੀਏ ਹੋਈ, ਜਿਸ ਮਗਰੋਂ ਹੀ ਹੋਰ ਗ੍ਰਿਫ਼ਤਾਰੀਆਂ ਹੋਈਆਂ ਹਨ।