ਪੱਤਰ ਪੇ੍ਰਕ
ਪਾਤੜਾਂ, 27 ਅਪਰੈਲ
ਨਰਵਾਣਾ ਰੋਡ ’ਤੇ 2 ਮੱਝਾਂ ਦੀ ਸੱਪ ਦੇ ਲੜਨ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਡਾਕਟਰਾਂ ਦੀ ਟੀਮ ਨੇ ਪਸ਼ੂਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੇ ਨਾਲ-ਨਾਲ ਬਾਕੀ ਪਸ਼ੂਆਂ ਨੂੰ ਬਚਾਉਣ ਲਈ ਟੀਕੇ ਲਾਏ।
ਜਰਨੈਲ ਸਿੰਘ ਨੇ ਦੱਸਿਆ ਕਿ ਸਹਾਇਕ ਧੰਦੇ ਵਜੋਂ ਉਸ ਨੇ ਦੁੱਧ ਵੇਚਣ ਲਈ ਮੱਝਾਂ ਤੇ ਗਾਊਆਂ ਰੱਖੀਆਂ ਹੋਈਆਂ ਹਨ। ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਦੀ ਇੱਕ ਮੱਝ ਦੀ ਹਾਲਤ ਵਿਗੜ ਗਈ ਤੇ ਡਾਕਟਰ ਦੇ ਆਉਣ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਨੂੰ ਮੱਝਾਂ ਦੀ ਖੁਰਲੀ ਥੱਲੇ ਇੱਕ ਸੱਪ ਦਿਖਾਈ ਦਿੱਤਾ ਜਿਸ ਨੂੰ ਉਨ੍ਹਾਂ ਨੇ ਮਾਰ ਦਿੱਤਾ ਸੀ ਪਹਿਲੀ ਮੱਝ ਦੀ ਮੌਤ ਤੋਂ ਕਰੀਬ 5 ਘੰਟੇ ਮਗਰੋਂ ਦੂਸਰੀ ਮੱਝ ਦੀ ਹਾਲਤ ਵੀ ਪਹਿਲੀ ਮੱਝ ਵਾਂਗ ਵਿਗੜੀ ਤੇ ਡਾਕਟਰਾਂ ਪੁੱਜਣ ਤੋਂ ਪਹਿਲਾਂ ਉਸ ਦੀ ਵੀ ਮੌਤ ਹੋ ਗਈ। ਇਨ੍ਹਾਂ ਮੱਝਾਂ ਦੀ ਮੌਤ ਨਾਲ ਉਸ ਨੂੰ ਕਰੀਬ 2 ਲੱਖ ਦਾ ਘਾਟਾ ਹੋਇਆ ਹੈ। ਕਿਸਾਨ ਨੇ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਵੱਲੋਂ ਮਾਲੀ ਸਹਾਇਤਾ ਕੀਤੀ ਜਾਵੇ। ਸ਼ੁਤਰਾਣਾਂ ਹਸਪਤਾਲ ਤੋਂ ਆਏ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਮੱਝਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਪਤਾ ਲੱਗ ਸਕੇਗਾ।