ਸੁਭਾਸ਼ ਚੰਦਰ
ਸਮਾਣਾ, 28 ਨਵੰਬਰ
ਸਿਟੀ ਪੁਲੀਸ ਨੇ ਸਮਾਣਾ ਤੋਂ ਲੰਘਦੀ ਭਾਖੜਾ ਨਹਿਰ ਵਿੱਚ ਰੁੜ੍ਹਦੀਆਂ ਦੋ ਅਣਪਛਾਤੀ ਲਾਸ਼ਾਂ ਨੂੰ ਗੋਤਾਖੋਰਾਂ ਦੀ ਸਹਾਇਤਾ ਨਾਲ ਬਾਹਰ ਕੱਢ ਕੇ ਸ਼ਨਾਖਤ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਅਤੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦੇ ਦਿੱਤੀ ਹੈ। ਸਿਟੀ ਪੁਲੀਸ ਮੁਖੀ ਸਬ ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਭਾਖੜਾ ਨਹਿਰ ਦੇ ਪਟਿਆਲਾ ਤੇ ਚੀਕਾ ਸੜਕ ਦੇ ਪੁਲਾਂ ਵਿਚਕਾਰ ਰੁੜ੍ਹਦੀ ਭਾਖੜਾ ਨਹਿਰ ਵਿੱਚੋਂ ਕਰੀਬ 35 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਬਾਂਹ ’ਤੇ ਭਗਵਾਨ ਦਾਸ ਲਿਖਿਆ ਹੋਇਆ ਹੈ। ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿੱਚ ਜਗ੍ਹਾ ਨਾ ਮਿਲਣ ਕਾਰਨ ਲਾਸ਼ ਨੂੰ ਸ਼ਨਾਖਤ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਇਸੇ ਤਰ੍ਹਾਂ 25 ਨਵੰਬਰ ਨੂੰ ਵੀ ਭਾਖੜਾ ਨਹਿਰ ਪੁਲ ਦੇ ਨਾਲ ਲਗਦੇ ਵਾਤਾਵਰਨ ਪਾਰਕ ਨੇੜੇ ਕਰੀਬ 70 ਸਾਲਾ ਬਜ਼ੁਰਗ ਦੀ ਲਾਸ਼ ਰੁੜ੍ਹਦੀ ਜਾ ਰਹੀ ਸੀ ਜਿਸ ਨੂੰ ਪੁਲੀਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਬਾਹਰ ਕਢਵਾ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿੱਚ ਰਖਵਾਇਆ ਸੀ। ਉਸ ਦੀ ਲਾਸ਼ ਪ੍ਰਾਪਤ ਹੋਣ ’ਤੇ 72 ਘੰਟੇ ਬੀਤ ਜਾਣ ਤੋਂ ਬਾਅਦ ਸ਼ਨਾਖਤ ਨਾ ਹੋਣ ਕਾਰਨ ਲਾਸ਼ ਦਾ ਸਸਕਾਰ ਸੋਮਵਾਰ ਨੂੰ ਹੋਵੇਗਾ।
ਬੱਸ ਅੱਡੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਸਥਾਨਕ ਬੱਸ ਅੱਡੇ ਦੇ ਬਾਹਰ ਦੁਕਾਨਾਂ ਅੱਗੇ ਨਾਲੀ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਪਤਾ ਲੱਗਦਿਆਂ ਹੀ ਸਿਟੀ ਪੁਲੀਸ ਨੇ ਏਐੱਸਆਈ ਸੀਤਾ ਰਾਮ ਦੀ ਅਗਵਾਈ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਬਾਹਰ ਕਢਵਾ ਕੇ ਸਿਵਲ ਹਸਪਤਾਲ ਮੂਨਕ ’ਚ 72 ਘੰਟੇ ਲਈ ਪਛਾਣ ਲਈ ਹਸਪਤਾਲ ਵਿੱਚ ਰਖਵਾ ਦਿੱਤੀ ਹੈ।