ਪੱਤਰ ਪ੍ਰੇਰਕ
ਘਨੌਰ, 1 ਜੂਨ
ਥਾਣਾ ਸ਼ੰਭੂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ 40 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਅਤੇ 200 ਲੀਟਰ ਲਾਹਣ ਬਰਾਮਦ ਕਰਕੇ ਕਾਬੂ ਕਰ ਲਿਆ। ਡੀ.ਐਸ.ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਥਾਣਾ ਸ਼ੰਭੂ ਦੇ ਮੁਖੀ ਗੁਰਮੀਤ ਸਿੰਘ ਵੱਲੋਂ ਸਮੇਤ ਪੁਲੀਸ ਪਾਰਟੀ ਰਾਜਪੁਰਾ- ਅੰਬਾਲਾ ਜੀ.ਟੀ ਰੋਡ ’ਤੇ ਪਿੰਡ ਚਮਾਰੂ ਨੇੜੇ ਨਾਕਾਬੰਦੀ ਦੌਰਾਨ ਜਦੋਂ ਇੱਕ ਸਵਿੱਫਟ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 40 ਪੇਟੀਆਂ ਸ਼ਰਾਬ ਹਰਿਆਣਾ ਵਿੱਚ ਵਿਕਰੀਯੋਗ ਬਰਾਮਦ ਹੋਣ ’ਤੇ ਪੁਲੀਸ ਨੇ ਕਾਰ ਚਾਲਕ ਰਾਜਵਿੰਦਰ ਸਿੰਘ ਊਰਫ ਰਮਨ ਵਾਸੀ ਪਿੰਡ ਹਾੜੀਆ ਜ਼ਿਲ੍ਹਾ ਲੁਧਿਆਣਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਪਿੰਡ ਸਲੇਮਪੁਰ ਸੇਖਾਂ ਵਿਖੇ ਇੱਕ ਵਿਅਕਤੀ ਦੇ ਪਸ਼ੂਆਂ ਵਾਲੇ ਬਰਾਂਡੇ ਵਿੱਚ ਛਾਪਾਮਾਰੀ ਕਰਕੇ ਉਥੋਂ 200 ਲੀਟਰ ਲਾਹਣ ਬਰਾਮਦ ਕੀਤੀ।
48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ
ਲਹਿਰਾਗਾਗਾ: ਪੁਲੀਸ ਨੇ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਹੈ। ਥਾਣਾ ਛਾਜਲੀ ਦੇ ਐਸਐਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਗਗਨਦੀਪ ਸਿੰਘ ਸਣੇ ਪੁਲੀਸ ਪਾਰਟੀ ਨੇ ਮੁਖਬਰੀ ਮਿਲਣ ’ਤੇ ਗੁਰਪ੍ਰੀਤ ਸਿੰਘ ਲਾਲੀ ਵਾਸੀ ਛਾਜਲਾ ਦੇ ਘਰ ਛਾਪੇਮਾਰੀ ਕਰਕੇ 48 ਬੋਤਲਾਂ ਨਾਜਾਇਜ਼ ਸ਼ਰਾਬ ਮੋਟਾ ਸੰਤਰਾ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ । ਪੁਲੀਸ ਅਨੁਸਾਰ ਉਹ ਨਾਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।-ਪੱਤਰ ਪ੍ਰੇਰਕ