ਪੱਤਰ ਪ੍ਰੇਰਕ
ਰਾਜਪੁਰਾ, 8 ਅਗਸਤ
ਥਾਣਾ ਸਿਟੀ ਦੀ ਪੁਲੀਸ ਨੇ ਦੋ ਮੈਂਬਰੀ ਚੋਰ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਹੋਰ ਸਾਮਾਨ ਬਰਾਮਦ ਕਰ ਲਿਆ। ਡੀ.ਐਸ.ਪੀ ਰਾਜਪੁਰਾ ਸੁਰਿੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੁਰਾਣਾ ਗਨੇਸ਼ ਨਗਰ ਰਾਜਪੁਰਾ ਦੇ ਵਸਨੀਕ ਮਨਮੋਹਨ ਸਿੰਘ ਨੇ ਚਾਰ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰਿੰਸ ਪੁੱਤਰ ਸੁਰੇਸ਼ ਅਤੇ ਬੋਬੀ ਪੁੱਤਰ ਛੱਲੀਆ ਵਾਸੀਆਨ ਪੁਰਾਣੀ ਮਿਰਚ ਮੰਡੀ ਰਾਜਪੁਰਾ ਨੇ ਸ਼ਿਕਾਇਤਕਰਤਾ ਦੇ ਘਰੋਂ ਸੋਨੇ ਦੇ ਗਹਿਣੇ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਜਿਸ ’ਤੇ ਥਾਣਾ ਸਿਟੀ ਦੀ ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਦੋਵੇਂ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਕਰੀਬ 6 ਤੋਲੇ ਸੋਨੇ ਦੇ ਗਹਿਣੇ, ਚੂੜੀਆਂ, ਟਾਪਸ, ਚੈਨੀ, ਮੁੰਦਰੀਆਂ ਤੋਂ ਇਲਾਵਾ 7 ਘੜੀਆਂ, ਇੱਕ ਐਲਸੀਡੀ ਅਤੇ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਡੀਐਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਗਰੋਹ ਕੋਲੋਂ ਹੋਰ ਚੋਰੀਆਂ ਬਾਰੇ ਪੁੱਛ ਪੜਤਾਲ ਕੀਤੀ ਜਾ ਸਕੇ।