ਸਮਾਣਾ: ਮਵੀ ਪੁਲੀਸ ਨੇ ਨਾਕਾਬੰਦੀ ਦੌਰਾਨ ਸ਼ਾਹਪੁਰ-ਮਵੀ ਕਲਾਂ ਲਿੰਕ ਸੜਕ ’ਤੇ ਨਸ਼ਾ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਦੋ ਨੌਜਵਾਨਾਂ ਵਿਚੋਂ ਇਕ ਨੂੰ ਕਾਬੂ ਕਰਕੇ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਅਤੇ 12 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਦਰ ਪੁਲੀਸ ਦੇ ਕਾਰਜਕਾਰੀ ਮੁਖੀ ਬੀਰਬਲ ਦਾਸ ਸ਼ਰਮਾ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਸਿੰਘ ਸਣੇ ਪੁਲੀਸ ਜਦੋਂ ਬੱਸ ਅੱਡਾ ਸ਼ਾਹਪੁਰ ਨੇੜੇ ਮੌਜੂਦ ਸਨ ਤਾਂ ਇਤਲਾਹ ਮਿਲੀ ਕਿ ਦੋ ਨੌਜਵਾਨ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ। ਇਸ ਮੌਕੇ ਪ੍ਰਭਜੋਤ ਸਿੰਘ ਵਾਸੀ ਪਿੰਡ ਧਨੇਠਾ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਜਦੋਂ ਕਿ ਅਵਤਾਰ ਸਿੰਘ ਫਰਾਰ ਹੋ ਗਿਆ। ਇਕ ਹੋਰ ਮਾਮਲੇ ’ਚ ਘੱਗਾ ਪੁਲੀਸ ਨੇ ਇੱਕ ਨੌਜਵਾਨ ਨੂੰ ਤਿੰਨ ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ ਜਿਸ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ। ਇਸ ਮਗਰੋਂ ਹੁਣ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ