ਪੱਤਰ ਪ੍ਰੇਰਕ
ਸਮਾਣਾ, 14 ਸਤੰਬਰ
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਦੋ ਕਾਰ ਚਾਲਕਾਂ ਨੂੰ 13 ਕਿਲੋ ਭੁੱਕੀ ਅਤੇ 250 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲੀਸ ਦੇ ਇੰਸਪੈਕਟਰ ਬੀਰਬਲ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਮਵੀ ਕਲਾਂ ਲਿੰਕ ਰੋਡ ’ਤੇ ਨਾਕਾਬੰਦੀ ਦੌਰਾਨ ਹਰਿਆਣਾ ਨੰਬਰੀ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਅਤੇ ਚੈੱਕ ਕਰਨ ਤੇ ਉਸ ਵਿਚੋਂ 10 ਕਿਲੋ ਭੁੱਕੀ ਅਤੇ 250 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਕਾਰ ਚਾਲਕ ਬੁੱਧ ਸਿੰਘ ਨਿਵਾਸੀ ਪਿੰਡ ਘੰਗਰੋਲੀ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲੀਸ ਅਧਿਕਾਰੀ ਅਨੁਸਾਰ ਦੋਸ਼ੀ ਤੇ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਪਹਿਲਾਂ ਵੀ ਇਕ ਕੇਸ ਦਰਜ ਹੈ। ਇਸੇ ਤਰ੍ਹਾਂ ਗਾਜੇਵਾਸ ਪੁਲੀਸ ਨੇ ਅਨਾਜ ਮੰਡੀ ਪਿੰਡ ਮਿਆਲ ਕਲਾਂ ‘ਚ ਪਿੰਡ ਤਰਖਾਣ ਮਾਜਰਾ ਵੱਲੋਂ ਆ ਰਹੀ ਹਰਿਆਣਾ ਨੰਬਰ ਦੀ ਇੱਕ ਕਾਰ ਨੂੰ ਰੋਕਿਆ ਅਤੇ ਉਸ ਦੀ ਜਾਂਚ ਪੜਤਾਲ ਦੌਰਾਨ ਤਿੰਨ ਕਿਲੋ ਭੁੱਕੀ ਬਰਾਮਦ ਕਰਕੇ ਕਾਰ ਚਾਲਕ ਜਗਤਾਰ ਸਿੰਘ ਨਿਵਾਸੀ ਇੰਦਰਾਪੁਰੀ, ਸਮਾਣਾ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ ਦੋਵੇਂ ਕਾਰਾਂ ਦੇ ਚਾਲਕਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਸਦਰ ਥਾਣੇ ’ਚ ਮਾਮਲੇ ਦਰਜ ਕਰਕੇ ਮੁਲਜ਼ਮਾਂ ਨੂੰ ਹੋਰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ।