ਪੱਤਰ ਪ੍ਰੇਰਕ
ਪਾਤੜਾਂ, 10 ਅਪਰੈਲ
ਪਿੰਡ ਕਾਠ ਦੀ ਨਾਬਾਲਿਗ ਲੜਕੀ ਨਾਲ ਕੁਝ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਤੇ ਕਤਲ ਕਰਨ ਮਗਰੋਂ ਲਾਸ਼ ਘੱਗਰ ਦਰਿਆ ਵਿੱਚ ਸੁੱਟ ਦਿੱਤੀ ਸੀ। ਪੁਲੀਸ ਨੇ ਲਾਸ਼ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਬਰਾਮਦ ਕਰਕੇ ਲੜਕੀ ਦੇ ਮੋਬਾਈਲ ਫੋਨ ਦੀਆਂ ਕਾਲਾਂ ਦੀ ਜਾਂਚ ਕੀਤੀ ਤੇ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਜੁਰਮ ਕਬੂਲ ਲਿਆ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਐੱਸਪੀ (ਡੀ) ਪਟਿਆਲਾ ਸਿਮਰਤ ਕੌਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਸਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਦੀ ਪ੍ਰਿੰਸ ਨਾਲ ਦੋਸਤੀ ਸੀ ਜਦੋਂ ਉਹ ਸਕੂਲ ਤੋਂ ਵਾਪਸ ਆਉਂਦੀ ਤਾਂ ਪ੍ਰਿੰਸ ਉਸ ਦਾ ਪਿੱਛਾ ਕਰਦਾ ਸੀ। ਲੜਕੀ ਦੇ ਤਾਏ ਨੇ ਕਈ ਵਾਰ ਉਸ ਨੂੰ ਸਮਝਾਇਆ ਪਰ ਪ੍ਰਿੰਸ ਨਹੀਂ ਸਮਝਿਆ। ਪ੍ਰਿੰਸ ਨੇ ਲੜਕੀ ਨੂੰ ਫੋਨ ਕਰਕੇ ਘੱਗਰ ਨੇੜੇ ਖੇਤਾਂ ਵਿਚ ਬੁਲਾਇਆ ਉਥੇ ਪ੍ਰਿੰਸ ਤੇ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਵੱਲੋਂ ਵਿਰੋਧ ਕੀਤੇ ਜਾਣ ’ਤੇ ਡਰ ਦੇ ਮਾਰੇ ਉਕਤ ਵਿਅਕਤੀਆਂ ਨੇ ਉਸ ਦਾ ਗਲਾ ਘੁੱਟ ਕੇ ਮਾਰਨ ਮਗਰੋਂ ਲਾਸ਼ ਨੂੰ ਘੱਗਰ ਦਰਿਆ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਮੋਬਾਈਲ ਫੋਨ ਬਰਾਮਦ ਹੋ ਗਿਆ ਹੈ ਅਤੇ ਦੋਨਾਂ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਲਿਆ ਹੈ।