ਰਵੇਲ ਸਿੰਘ ਭਿੰਡਰ
ਪਟਿਆਲਾ, 25 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਢਾਈ ਦਰਜਨ ਅਧਿਆਪਕਾਂ ਨੇ ਅੱਜ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਉਧਰ, ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ ਅਤੇ ਸੀ ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤਾ ਧਰਨਾ ਅੱਜ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਦੇ ਨਾਲ ਹੀ ਚੁਣੀਆਂ ਹੋਈਆਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਵੀ ਅੱਜ ਚੌਥੇ ਦਿਨ ਜਾਰੀ ਰਹੀ। ਅੱਜ ਭੁੱਖ ਹੜਤਾਲ ’ਤੇ ਡਾ. ਬਲਰਾਜ ਸਿੰਘ ਬਰਾੜ, ਮਨਦੀਪ ਸਿੰਘ ਚਾਹਲ ਅਤੇ ਦੇਵ ਰਿਸ਼ੀ ਹਾਂਡਾ ਬੈਠੇ। ਦੱਸਣਯੋਗ ਹੈ ਕਿ ਪੂਟਾ ਵੱਲੋਂ ਆਪਣੀਆਂ ਮੰਗਾਂ ਦੇ ਨਿਪਟਾਰੇ ਲਈ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਵਿੱਢੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਬੀਤੇ ਦਿਨੀਂ ਅਧਿਆਪਕਾਂ ਨੂੰ ਵਾਧੂ ਚਾਰਜ ਛੱਡਣ ਦੀ ਅਪੀਲ ਕੀਤੀ ਗਈ ਸੀ। ਇਸ ਅਪੀਲ ਦਾ ਵੱਡਾ ਅਸਰ ਯੂਨੀਵਰਸਿਟੀ ਕੈਂਪਸ ਅੰਦਰ ਵੇਖਣ ਨੂੰ ਮਿਲਿਆ ਹੈ। ਪੂਟਾ ਨੇ ਦੱਸਿਆ ਹੈ ਕਿ 28 ਅਧਿਕਾਰੀਆਂ ਨੇ ਸਾਥੀਆਂ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਆਪਣੇ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਡੀ.ਪੀ.ਐੱਮ., ਡੀਨ ਕਾਲਜ ਵਿਕਾਸ ਕੌਂਸਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਵਧੀਕ ਡੀਨ ਵਿਦਿਆਰਥੀ ਭਲਾਈ, ਕੋਆਰਡੀਨੇਟਰ ਡਾਇਸਪੋਰਾ, ਆਈਐੱਚਆਰਐੱਮਐੱਸ ਦੇ ਨੋਡਲ ਅਫਸਰ, ਡਾਇਰੈਕਟਰ ਆਈਕਿਊਏਸੀ, ਪ੍ਰੋਫੈਸਰ ਇੰਚਾਰਜ ਇੰਟਰਨਲ ਆਡਿਟ, ਡਿਪਟੀ ਕੋਆਰਡੀਨੇਟਰ, ਆਈ.ਪੀ.ਆਰ. ਅਤੇ ਤਕਨਾਲੋਜੀ ਟ੍ਰਾਂਸਫਰ ਸੈੱਲ, ਲੀਗਲ ਐਡਵਾਇਜ਼ਰ, ਡਾਇਰੈਕਟਰ ਵਿਮੈਨ ਸੈੱਲ, ਵਾਰਡਨ ਭਗਤ ਪੂਰਨ ਸਿੰਘ ਹੋਸਟਲ, ਇੰਚਾਰਜ ਇਨਕੁਆਰੀ ਅਤੇ ਇਨਫਰਮੇਸ਼ਨ ਸੈਂਟਰ, ਵਧੀਕ ਡੀਨ ਅਲੂਮਨੀ, ਕੋਆਰਡੀਨੇਟਰ ਰੂਸਾ ਸਕੀਮ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਅੱਠ ਵਿਭਾਗਾਂ ਦੇ ਮੁਖੀਆਂ ਨੇ ਵੀ ਮੁਖੀ ਦੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ। ਅਧਿਆਪਕਾਂ ਨੇ ਇਨ੍ਹਾਂ ਸਾਰੇ ਅਧਿਕਾਰੀਆਂ ਦਾ ਇਸ ਕਦਮ ਚੁੱਕਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਬਾਅਦ ਕਾਰਜਕਾਰੀ ਵਾਈਸ ਚਾਂਸਲਰ ਰਵਨੀਤ ਕੌਰ ਨੇ ਚੁਣੀਆਂ ਯੂਨੀਅਨਾਂ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਸੱਦੀ ਹੈ। ਖ਼ਬਰ ਲਿਖੇ ਜਾਣ ਤਕ ਮੀਟਿੰਗ ਜਾਰੀ ਸੀ।
ਕੰਟਰੈਕਟ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
ਪੰਜਾਬੀ ਯੂਨੀਵਰਸਿਟੀ ਅਧੀਨ ਵੱਖ ਵੱਖ ਅਦਾਰਿਆਂ ਵਿੱਚ ਪੜ੍ਹਾ ਰਹੇ ਠੇਕਾ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਗਟਾਇਆ ਗਿਆ। ਅਧਿਆਪਕਾਂ ਨੇ ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਖਾਏ ਜਾ ਰਹੇ ਵਤੀਰੇ ਦੀ ਸਖਤ ਨਿੰਦਾ ਕੀਤੀ। ਡੀਨ ਅਕਾਦਮਿਕ ਡਾ. ਅੰਮ੍ਰਿਤਪਾਲ ਕੌਰ ਨੇ ਮੌਕੇ ’ਤੇ ਪੁੱਜ ਕੇ ਅਧਿਆਪਕਾਂ ਦੀ ਗੱਲ ਸੁਣੀ ਤੇ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੇ ਪ੍ਰਧਾਨ ਡਾ. ਲਵਦੀਪ ਸ਼ਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਪੁਕਟਾ ਦੇ ਜਨਰਲ ਸਕੱਤਰ ਡਾ. ਦਲਵੀਰ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਯੂਨੀਵਰਸਿਟੀ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਤਨਖਾਹਾਂ ਜਾਰੀ ਨਾ ਕੀਤਆਂ ਤਾਂ 30 ਮਾਰਚ ਤੋਂ ਬਾਅਦ ਸੰਘਰਸ਼ ਤੇਜ਼ ਕੀਤਾ ਜਾਵੇਗਾ।