ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਮੁੱਖ ਅੰਸ਼
- ਨੋਇਡਾ ਜਾਣ ਲਈ ਬੱਸ ਨਾ ਮਿਲਣ ਕਾਰਨ ਘਰ ਪਰਤ ਰਹੀ ਸੀ ਮੁਟਿਆਰ
- ਮੁਲਜ਼ਮਾਂ ਨੇ ਲੜਕੀ ਨੂੰ ਰਸਤੇ ਵਿੱਚ ਘੇਰਿਆ
ਨੋਇਡਾ ਜਾਣ ਲਈ ਇਥੋਂ ਦੇ ਬੱੱਸ ਅੱੱਡੇ ’ਤੇ ਲੰਘੀ ਰਾਤ ਪੁੱਜੀ ਮੁਟਿਆਰ ਦੇ ਨਾਲ ਦੋ ਜਣਿਆਂ ਵੱਲੋਂ ਛੇੜਛਾੜ ਕੀਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਮੁਲਜ਼ਮਾਂ ਨੂੰ ਦਬੋਚ ਲਿਆ। ਮੁਲਜ਼ਮਾਂ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦਿਆਂ ਵਰਦੀ ਵੀ ਪਾੜ ਦਿੱਤੀ।
ਇਕੱਤਰ ਵੇਰਵਿਆਂ ਅਨੁਸਾਰ ਪਟਿਆਲਾ ’ਚ ਰਹਿੰਦੀ ਲੜਕੀ ਰਾਤ 11 ਵਜੇ ਨੋਇਡਾ ਸਥਿਤ ਘਰ ਜਾਣ ਲਈ ਇਥੋਂ ਦੇ ਬੱਸ ਸਟੈਡ ਪਹੁੰਚੀ। ਉਸ ਨੂੰ ਪਤਾ ਲੱਗਾ ਕਿ ਕੋਈ ਵੀ ਬੱਸ ਅੰਬਾਲਾ ਸਾਈਡ ਨਹੀਂ ਜਾਣੀ। ਉਸ ਨੇ ਜਦੋਂ ਘਰ ਪਰਤਣਾ ਚਾਹਿਆ ਤਾਂ ਦੋ ਜਣਿਆ ਵਿੱਚੋਂ ਇੱਕ ਨੇ ਖੁਦ ਨੂੰ ਬੱਸ ਅੱਡੇ ਦਾ ਇੰਚਾਰਜ ਅਤੇ ਦੂਜੇ ਨੇ ਖੁਦ ਨੂੰ ਪੁਲੀਸ ਸਬ-ਇੰਸਪੈਕਟਰ ਦੱਸ ਕੇ ਉਸ ਦੀ ਮਦਦ ਕਰਨੀ ਚਾਹੀ। ਲੜਕੀ ਅਨੁਸਾਰ ਜਦੋਂ ਉਹ ਜਦੋਂ ਈ-ਰਿਕਸ਼ਾ ਵਿੱਚ ਬੈਠ ਕੇ ਵਾਪਸ ਘਰ ਜਾਣ ਲੱਗੀ ਤਾਂ ਮੁਲਜ਼ਮਾਂ ਨੇ ਆਪਣੀ ਕਾਰ ਈ-ਰਿਕਸ਼ਾ ਦੇ ਪਿੱਛੇ ਲਗਾ ਲਈ। ਰਾਤ 12 ਵਜੇ ਤ੍ਰਿਪੜੀ ਵੱਲ ਨੂੰ ਜਾਂਦਿਆਂ ਉਨ੍ਹਾਂ ਨੇ ਈ-ਰਿਕਸ਼ਾ ਰੋਕ ਲਿਆ ਅਤੇ ਲੜਕੀ ਨਾਲ ਛੇੜਖਾਨੀ ਕਰਨ ਲੱਗੇ। ਇਸੇ ਦੌਰਾਨ ਥਾਣਾ ਤ੍ਰਿਪੜੀ ਦੀ ਪੁਲੀਸ ਗਸ਼ਤ ਕਰਦੀ ਹੋਈ ਮੌਕਾ ’ਤੇ ਆ ਗਈ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਤ੍ਰਿਪੜੀ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐੱਸਪੀ (ਸਿਟੀ-2) ਜਸਵਿੰਦਰ ਸਿੰਘ ਟਿਵਾਣਾ ਅਨੁਸਾਰ ਦੋਵੇਂ ਮੁਲਜ਼ਮ ਪਟਿਆਲਾ ਸ਼ਹਿਰ ਦੇ ਹੀ ਰਹਿਣ ਵਾਲੇ ਹਨ।