ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 17 ਮਈ
ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਤੋਂ ਰਾਜਗੜ੍ਹ ਤੱਕ ਕਾਫੀ ਸਮੇਂ ਤੋਂ ਬਣਨ ਲਈ ਲਟਕ ਰਹੀ ਸੀ ਪਰ ਜੇਕਰ ਕਰ ਹੁਣ ਇਹ ਸੜਕ ਪਾਸ ਹੋ ਗਈ ਹੈ ਤਾਂ ਇਸ ਦੇ ਕੰਮ ਦੀ ਸ਼ੁਰੂਆਤ ਅੱਜ ਇੱਕ ਦਿਨ ਵਿੱਚ ਹੀ ਦੋ ਵਾਰ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 11.30 ਵਜੇ ਹਲਕਾ ਸਨੌਰ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਰਬਿਨ ਕੱਟ ਕੇ ਕੀਤੀ। ਅੱਜ ਹੀ ਸ਼ਾਮ ਸਾਢੇ 5 ਵਜੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਡੇ ਦੇ ਦੋ ਆਮ ਵਿਅਕਤੀਆਂ ਕੋਲੋਂ ਕਹੀ ਦੇ ਟੱਪ ਲਵਾ ਕੇ ਕਰਵਾਈ।
ਇਸ ਸੜਕ ’ਤੇ 7 ਕਰੋੜ ਦੇ ਕਰੀਬ ਪੈਸਾ ਖਰਚ ਕੀਤਾ ਜਾਣਾ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਸ ਸੜਕ ਨੂੰ ਪਾਸ ਕਰਵਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ ਪਰ ਇਸ ਸੜਕ ਵਿੱਚ ਦਰੱਖਤ ਜ਼ਿਆਦਾ ਹੋਣ ਕਰਕੇ ਇਸ ਨੂੰ ਬਣਾਉਣ ਦਾ ਕੰਮ ਲਟਕ ਗਿਆ ਸੀ ਪਰ ਵਿਧਾਇਕ ਚੰਦੂਮਾਜਰਾ ਨੇ ਐਨ.ਆਰ.ਆਈ.ਡੀ.ਏ. ਤੋਂ ਕਾਫੀ ਚੱਕਰ ਮਾਰ ਕੇ ਇਹ ਸੜਕ ਪਾਸ ਕਰਵਾਈ ਹੈ ਕਿਉਂਕਿ ਇਹ ਸੜਕ ਇਤਿਹਾਸਕ ਪਿੰਡ ਘੜਾਮ ਨੂੰ ਜਾਂਦੀ ਹੈ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਹੈਰੀਮਾਨ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਯੂਨੀਵਰਸਿਟੀ ਪਹਿਲਾਂ ਹੀ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ।
ਇਸ ਮੌਕੇ ਉਨ੍ਹਾਂ ਸਬ ਡਿਵੀਜ਼ਨ ਦੂਧਨਸਾਧਾਂ ਵਿੱਚ ਪੰਜਾਬ ਸਰਕਾਰ ਵੱਲੋਂ ਐਸ.ਡੀ.ਐਮ. ਨਾ ਬਿਠਾਉਣ ਦੀ ਗੱਲ ਕਰਦਿਆਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਐੱਸ.ਡੀ.ਐੱਮ. ਦੇ ਬੈਠਣ ਲਈ ਕਮਰੇ ਨਹੀਂ ਹਨ ਅਤੇ ਬਿਲਡਿੰਗ ਅਸੁਰੱਖਿਅਤ ਹੈ ਤਾਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਕੰਮ ਕਾਜ ਲਈ ਇੱਥੇ ਐੱਸ.ਡੀ.ਐੱਮ. ਨੂੰ ਸਰਕਾਰ ਬਿਠਾਵੇ, ਉਸ ਦੇ ਦਫ਼ਤਰ ਲਈ ਉਹ ਜਿਹੋ ਜਿਹੀ ਵੀ ਕੋਠੀ ਕਹਿਣਗੇ, ਉਹ ਆਪਣੇ ਖਰਚੇ ’ਤੇ ਕਿਰਾਏ ’ਤੇ ਲੈ ਕੇ ਦੇਣਗੇ।