ਸੁਭਾਸ਼ ਚੰਦਰ
ਸਮਾਣਾ, 25 ਮਈ
ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੌਂਹਠ ਨੇੜੇ ਬੁੱਧਵਾਰ ਸਵੇਰੇ ਐਕਟਿਵਾ ਸਵਾਰ ਔਰਤ ਦੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਸਦਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਫ਼ਰਾਰ ਟਰੱਕ ਚਾਲਕ ਜਗਸੀਰ ਸਿੰਘ ਸਰਸਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਾਣੀ (40) ਪਤਨੀ ਮਰਹੂਮ ਬਲਦੇਵ ਸਿੰਘ ਵਾਸੀ ਅਮਾਮਗੜ੍ਹ ਸਮਾਣਾ ਵਜੋਂ ਹੋਈ, ਮ੍ਰਿਤਕ ਦੇ ਪੁੱਤਰ ਸਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਪਟਿਆਲਾ ਤੋਂ ਰਿਸ਼ਤੇਦਾਰੀ ਵਿੱਚ ਮਿਲ ਕੇ ਵਾਪਸ ਸਮਾਣਾ ਐਕਟਿਵਾ ’ਤੇ ਆ ਰਹੀ ਸੀ ਕਿ ਪਿੰਡ ਚੌਂਹਠ ਨੇੜੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਫ਼ਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਜਦੋਂ ਕਿ ਲਾਸ਼ ਪੋਸਟ ਮਾਰਟਮ ਮਗਰੋਂ ਪਰਿਵਾਰ ਹਵਾਲੇ ਕਰ ਦਿੱਤੀ।
ਸੜਕ ਹਾਦਸੇ ਵਿੱਚ ਅਧਿਆਪਕ ਜ਼ਖ਼ਮੀ
ਸ਼ੇਰਪੁਰ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿੱਚ ਪੀਟੀਆਈ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਮਾਸਟਰ ਕੁਲਵਿੰਦਰ ਸਿੰਘ ਮਾਹਮਦਪੁਰ ਅੱਜ ਦੁਪਹਿਰ ਸਮੇਂ ਸੜਕ ਹਾਦਸੇ ’ਚ ਗੰਭੀਰ ਜਖ਼ਮੀ ਹੋ ਗਏ। ਉਨ੍ਹਾਂ ਸਰਕਾਰੀ ਹਸਪਤਾਲ ਧੂਰੀ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਪੀਟੀਆਈ ਅਧਿਆਪਕ ਧੂਰੀ ਤੋਂ ਆਪਣੇ ਪਿੰਡ ਮਾਹਮਦਪੁਰ ਵੱਲ ਵਾਪਸ ਆ ਰਿਹਾ ਸੀ ਅਤੇ ਟਰੱਕ ਧੂਰੀ ਵੱਲ ਜਾ ਰਿਹਾ ਸੀ। ਪਿੰਡ ਜਹਾਂਗੀਰ ਪੁਲ ਨੇੜੇ ਟਰੱਕ ਤੇ ਕਾਰ ਦੀ ਟੱਕਰ ਹੋ ਗਈ। ਪ੍ਰਤੱਖਦਰਸ਼ੀਆਂ ਦਾ ਦੱਸਣਾ ਹੈ ਕਿ ਟੱਕਰ ਐਨੀ ਭਿਆਨਕ ਸੀ ਕਿ ਅਧਿਆਪਕ ਨੂੰ ਖਿੜਕੀ ਕੱਟ ਕੇ ਗੱਡੀ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ।