ਪੱਤਰ ਪ੍ਰੇਰਕ
ਰਾਜਪੁਰਾ, 1 ਜਨਵਰੀ
ਇਥੋਂ ਦੇ ਸ਼ਹਿਰੀ ਖੇਤਰ ਵਿੱਚੋਂ ਲੰਘਦੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਤੋਂ ਪਿੰਡ ਮਾਂਗਪੁਰ, ਦਭਾਲੀ ਅਤੇ ਢੰਕਾਨਸੂ ਨੂੰ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਲਈ ਪੱਕੀ ਸੜਕ ਪੁੱਟ ਕੇ ਵਿਛਾਈ ਜਾ ਰਹੀ ਜ਼ਮੀਨਦੋਜ਼ ਪਾਈਪ ਲਾਈਨ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਇਥੋਂ ਦੇ ਸਮਾਜਸੇਵੀ ਰਣਜੀਤ ਸਿੰਘ ਢੰਕਾਨਸੂ, ਗੁਰਪ੍ਰੀਤ ਸਿੰਘ ਧਮੌਲੀ, ਸੁਖਜਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਅਬਦਲਪੁਰ ਅਤੇ ਕੀਰਤ ਸਿੰਘ ਸੇਹਰਾ ’ਤੇ ਅਧਾਰਿਤ ਵਫਦ ਨੇ ਐੱਸਡੀਐਮ ਰਾਜਪੁਰਾ ਡਾ. ਸੰਜੀਵ ਕੁਮਾਰ ਨੂੰ ਮੰਗ ਪੱਤਰ ਸੌਂਪ ਕੇ ਇਸ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਠੇਕੇਦਾਰ ਕੰਪਨੀ ਨੂੰ ਇਹ ਜ਼ਮੀਨਦੋਜ਼ ਪਾਈਪ ਲਾਈਨ ਪੱਕੀ ਸੜਕ ਦੀ ਥਾਂ ਬਰਮ ਪੁੱਟ ਕੇ ਵਿਛਾਉਣ ਲਈ ਹਦਾਇਤ ਕਰਨ ਦੀ ਅਪੀਲ ਕੀਤੀ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਰਾਜੀਵ ਗੋਡ ਦਾ ਕਹਿਣਾ ਹੈ ਕਿ ਪਾਈਪ ਲਾਈਨ ਵਿਛਾਉਣ ਵਾਲੀ ਕੇਐੱਨਕੇ ਪ੍ਰਾਈਵੇਟ ਕੰਪਨੀ ਵੱਲੋਂ ਇਸ ਸਬੰਧੀ ਐੱਨਓਸੀ ਪ੍ਰਾਪਤ ਕੀਤੀ ਗਈ। ਇਸ ਅਨੁਸਾਰ ਕੰਪਨੀ ਵੱਲੋਂ ਜਿਹੜੀਆਂ ਸੜਕਾਂ ਪੁੱਟੀਆਂ ਜਾਣਗੀਆਂ ਜਾਂ ਰੋਡ ਕੱਟ ਲਗਾਏ ਜਾਣਗੇ, ਸਾਰਿਆਂ ਦੀ ਮੁਰੰਮਤ ਕੰਪਨੀ ਖੁਦ ਕਰਵਾ ਕੇ ਦੇਵੇਗੀ। ਫਿਰ ਵੀ ਉਹ ਇਸ ਸਬੰਧੀ ਕੰਪਨੀ ਅਧਿਕਾਰੀਆਂ ਨੂੰ ਪੱਤਰ ਲਿਖਣਗੇ।