ਸੁਭਾਸ਼ ਚੰਦਰ
ਸਮਾਣਾ, 23 ਜਨਵਰੀ
ਵਿਦੇਸ਼ ਭੇਜਣ ਦੇ ਨਾਂ ’ਤੇ ਹੜੱਪੇ ਪੈਸੇ ਤੇ ਚਾਚਾ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੇ ਸ਼ੱਕ ’ਚ ਸਦਰ ਪੁਲੀਸ ਨੇ ਨੌਜਵਾਨ ਦੇ ਚਾਚਾ-ਚਾਚੀ ਤੇ ਦੋ ਹੋਰ ਔਰਤਾਂ ਸਣੇ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਅਕੁੰਰਦੀਪ ਸਿੰਘ ਤੇ ਮਵੀ ਪੁਲੀਸ ਚੌਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਰਦੀਪ ਸਿੰਘ (18) ਦੀ ਮਾਤਾ ਸੁਖਵਿੰਦਰ ਕੌਰ (ਪਤਨੀ ਸਵ. ਗੁਰਵਿੰਦਰ ਸਿੰਘ) ਵਾਸੀ ਪਿੰਡ ਕੋਟਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਦੇ ਸਹੁਰੇ ਦੀ ਮੌਤ ਤੋਂ ਬਾਅਦ ਮਿਲੇ ਬੀਮੇ ਦੇ ਪੈਸੇ ਹਰਦੀਪ ਸਿੰਘ ਵਾਸੀ ਕੋਟਲੀ ਨੇ ਹੜੱਪ ਲਏ ਜਦੋਂਕਿ ਅਪਣਾ ਹਿੱਸਾ ਲੈ ਜਾਣ ’ਤੇ ਜਾਇਦਾਦ ਤੋਂ ਬੇਦਖਲ ਉਸ ਦੇ ਦਿਉਰ ਹਰਜਿੰਦਰ ਸਿੰਘ ਤੇ ਉਸ ਦੀ ਪਤਨੀ ਸਵਿੱਤਰਾ ਵੀ ਪਿੰਡ ਆ ਕੇ ਰਹਿਣ ਲੱਗੇ ਤੇ ਪਿੰਡ ਦੇ ਕੁਝ ਲੋਕਾਂ ਦੀ ਸ਼ਹਿ ’ਤੇ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਘਰ ਖਾਲੀ ਕਰਨ ਤੇ ਜ਼ਮੀਨ ’ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਕੇ ਪ੍ਰੇਸ਼ਾਨ ਕਰਨ ਲੱਗੇ। ਇਸ ਕਾਰਨ ਉਸ ਦਾ ਪੁੱਤਰ ਮਾਨਸਿਕ ਪ੍ਰੇਸ਼ਾਨ ਰਹਿਣ ਲੱਗਾ ਤੇ 20 ਜਨਵਰੀ ਨੂੰ ਦੁਪਿਹਰ ਸਮੇਂ ਆਪਣੀ ਕਾਰ ਲੈ ਕੇ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਮੋਬਾਈਲ ਸਮੇਤ ਹੋਰ ਸਾਮਾਨ ਪਿੰਡ ਧਨੇਠਾ ਤੋਂ ਲੰਘਦੀ ਭਾਖੜਾ ਨਹਿਰ ਦੀ ਪਟੜੀ ’ਤੇ ਖੜ੍ਹੀ ਉਸ ਦੀ ਕਾਰ ਵਿੱਚੋਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਨੌਜਵਾਨ ਦੇ ਚਾਚਾ ਹਰਜਿੰਦਰ ਸਿੰਘ, ਚਾਚੀ ਸਵਿੱਤਰਾ, ਹਰਦੀਪ ਸਿੰਘ, ਸਤਗੁਰ ਸਿੰਘ ਤੇ ਉਸ ਦਾ ਪਿਤਾ ਲੀਲਾ ਸਿੰਘ, ਮਨਦੀਪ ਕੌਰ, ਚਰਨਜੀਤ ਕੌਰ ਸਾਰੇ ਵਾਸੀ ਪਿੰਡ ਕੋਟਲੀ ਵਿਰੁੱਧ ਕੇਸ ਦਰਜ ਕਰ ਲਿਆ ਹੈ।