ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਇੱਥੇ ਕਲੋਨੀ ਸੁੰਦਰ ਨਗਰ ਦਾ ਤ੍ਰਿਲੋਕ ਰਾਜ (28) ਯੂਕਰੇਨ ਵਿੱਚ ਫਸ ਗਿਆ ਹੈ। ਉਹ ਲਗਪਗ ਤਿੰਨ ਸਾਲ ਪਹਿਲਾਂ ਵਿਦੇਸ਼ ਵਿਚ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਉਸ ਦੇ ਪਿਤਾ ਤਿਲਕ ਰਾਜ ਨੇ ਦੱਸਿਆ ਕਿ ਉਸ ਦਾ ਪੁੱਤਰ ਉੱਥੇ ਇਕ ਲੱਕੜੀ ਦੀ ਫੈਕਟਰੀ ਵਿਚ ਕੰਮ ਕਰ ਰਿਹਾ ਸੀ। ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ। ਪਿਛਲੇ ਸਾਲ ਵਾਪਰੇ ਇੱਕ ਹਾਦਸੇ ਕਾਰਨ ਉਹ ਜ਼ਖ਼ਮੀ ਹਾਲਤ ਵਿਚ ਮੰਜੇ ’ਤੇ ਪਿਆ ਹੈ। ਘਰ ਦਾ ਗੁਜ਼ਾਰਾ ਉਸ ਦਾ ਪੁੱਤਰ ਹੀ ਚਲਾ ਰਿਹਾ ਸੀ। ਉਸ ਨੇ ਇਕ ਮਹੀਨਾ ਪਹਿਲਾਂ ਪੁੱਤਰ ਨੂੰ ਵਾਪਸ ਆਉਣ ਲਈ ਕਿਹਾ ਸੀ ਪਰ ਪੈਸੇ ਨਾ ਹੋਣ ਕਾਰਨ ਉਹ ਆ ਨਹੀਂ ਸਕਿਆ।