ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਇਥੇ ਭਾਸ਼ਾ ਭਵਨ ਵਿੱਚ ਮਰਹੂਮ ਗਾਇਕ ਮੁਹੰਮਦ ਰਫੀ ਦੀ 41ਵੀਂ ਬਰਸੀ ਮੌਕੇ ਰਾਮਗੜ੍ਹੀਆ ਕਲਚਰਲ ਐਂਡ ਵੈੱਲਫੇਅਰ ਕੌਂਸਲ ਪਟਿਆਲਾ ਵੱਲੋਂ ਸੰਗੀਤਕ ਪ੍ਰੋਗਰਾਮ ‘ਜ਼ਿੰਦਗੀ ਤੇਰੇ ਬਗੈਰ’ ਦਾ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 20 ਤੋਂ ਵੱਧ ਸੁਰੀਲੇ ਗਾਇਕ ਕਲਾਕਾਰਾਂ ਨੇ ਸੰਗੀਤ ਦੇ ਸੁਨਹਿਰੀ ਯੁੱਗ ਦੇ ਮਕਬੂਲ ਗੀਤਾਂ ਨੂੰ ਪੇਸ਼ ਕਰਕੇ ਚੰਗਾ ਸਮ੍ਹਾਂ ਬੰਨ੍ਹਿਆ। ਇਸ ਯਾਦਗਾਰੀ ਪ੍ਰੋਗਰਾਮ ਵਿੱਚ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਹਰਜੀਤ ਸਿੰਘ ਸੋਹੀ ਤੇ ਸਨਅਤਕਾਰ ਜਗੀਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਨੇ ਟਾਈਟਲ ਗੀਤ ‘ਕੈਸੇ ਕਟੇਗੀ ਜ਼ਿੰਦਗੀ ਤੇਰੇ ਬਗੈਰ’ ਤੇ ‘ਐ ਚਾਂਦ ਕੀ ਜੇਬਾਈ’ ਪੇਸ਼ ਕੀਤੇ। ਕੌਂਸਲ ਦੇ ਖ਼ਜ਼ਾਨਚੀ ਰਾਜੇਸ਼ ਪੰਚੋਲੀ ਨੇ ‘ਯੇ ਰੇਸ਼ਮੀ ਜ਼ੁਲਫੇਂ’ ਨੂੰ ਵੀ ਵਧੀਆ ਢੰਗ ਨਾਲ ਗਾਇਆ। ਗੁਰਿੰਦਰ ਸਿੰਘ ਨੇ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ’ ਸਮੇਤ ਦੋ ਗੀਤ ਬਿਹਤਰੀਨ ਢੰਗ ਨਾਲ ਗਾਏ। ਇਸ ਮੌਕੇ ਜਿਨ੍ਹਾਂ ਹੋਰਨਾਂ ਕਲਾਕਾਰਾਂ ਨੇ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ ਉਨ੍ਹਾਂ ਵਿੱਚ ਰਾਜ ਕੁਮਾਰ, ਅਭਿਜੀਤ, ਕੈਲਾਸ ਅਟਵਾਲ, ਬਰਿੰਦਰ ਸਿੰਘ ਖੁਰਲ, ਪਰਵਿੰਦਰ ਕੌਰ ਖੂਰਲ, ਨਰਿੰਦਰ ਅਰੋੜਾ, ਰਣਦੀਪ ਕੌਰ, ਮਾਸਟਰ ਉਜਵਲ, ਰਸਦੀਪ ਸਿੰਘ ਖਹਿਰਾ, ਪ੍ਰੀਤੀ ਗੁਪਤਾ, ਕਮਰਜੀਤ ਸਿੰਘ ਸੇਖੋਂ, ਹਰਵਿੰਦਰ ਸਿੰਘ, ਕੁਲਦੀਪ ਗਰੋਵਰ, ਰੋਬਿਨ ਸੰਧੂ, ਪਰਮਜੀਤ ਕੌਰ, ਸਰਬਜੀਤ ਕੌਰ ਚਾਵਲਾ, ਜਸਵਿੰਦਰ ਕੌਰ, ਸੁਮਨ ਖੱਤਰੀ, ਰੂਪ ਕਿਸੋਰ ਖੱਤਰੀ, ਅੰਮ੍ਰਿਤ ਐੱਸ ਸਿੰਘ ਤੇ ਪ੍ਰੇਮ ਸੇਠੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਯੂਥ ਕਾਂਗਰਸ ਦੀ ਨਵ-ਨਿਯੁਕਤ ਮੀਤ ਪ੍ਰਧਾਨ ਹਰਮਨਪ੍ਰੀਤ ਸਿੰਘ ਹੈਰੀ ਭੁੱਲਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਅਮਰੀਕ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ।