ਖੇਤਰੀ ਪ੍ਰਤੀਨਿਧ
ਪਟਿਆਲਾ, 6 ਸਤੰਬਰ
ਜ਼ਿਲ੍ਹੇ ਵਿੱਚ ਨਵੇਂ ਆਏ ਐੱਸਐੱਸਪੀ ਵਿਕਰਜੀਤ ਦੁੱਗਲ ਦੇ ਆਦੇਸ਼ਾਂ ’ਤੇ ਜ਼ਿਲ੍ਹੇ ਦੇ ਕੁਝ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਖੇਤਰ ਦੀ ਪੁਲੀਸ ਚੌਕੀ ਅਫ਼ਸਰ ਕਲੋਨੀ ਦਾ ਇੰਚਾਰਜ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਲਾਇਆ ਗਿਆ ਹੈ। ਉਹ ਪਹਿਲਾਂ ਵੀ ਇੱਥੇ ਬਤੌਰ ਚੌਕੀ ਇੰਚਾਰਜ ਸੇਵਾ ਨਿਭਾਅ ਚੁੱਕੇ ਹਨ।
ਗੁਰਪਿੰਦਰ ਸਿੰਘ ਪਹਿਲਾਂ ਥਾਣਾ ਲਾਹੌਰੀ ਗੇਟ ਪਟਿਆਲਾ ਵਿੱਚ ਐਡੀਸ਼ਨਲ ਐੱਸਐੱਚਓ ਸਨ ਤੇ ਇੱਥੇ ਉਨ੍ਹਾਂ ਨੇ ਚੌਕੀ ਇੰਚਾਰਜ ਪ੍ਰਿਆਂਸ਼ੂ ਦੀ ਥਾਂ ਲਈ ਹੈ। ਸਾਬਕਾ ਇੰਚਾਰਜ ਪ੍ਰਿਆਂਸ਼ੂ ਦੀ ਬਦਲੀ ਥਾਣਾ ਤ੍ਰਿਪੜੀ ’ਚ ਹੋ ਗਈ ਹੈ। ਉੱਧਰ, ਕਾਫ਼ੀ ਸਮੇਂ ਤੋਂ ਥਾਣਾ ਸਦਰ ਸਮਾਣਾ ਦੇ ਮੁਖੀ ਵਜੋਂ ਕਾਰਜਸ਼ੀਲ ਇੰਸਪੈਕਟਰ ਰਣਬੀਰ ਸਿੰਘ ਨੂੰ ਥਾਣਾ ਪਾਤੜਾਂ ਦਾ ਮੁਖੀ ਲਾਇਆ ਗਿਆ ਹੈ ਜਦਕਿ ਸਦਰ ਸਮਾਣਾ ’ਚ ਅਜੇ ਕੋਈ ਤਾਇਨਾਤੀ ਨਹੀਂ ਕੀਤੀ ਗਈ ਹੈ। ਸਮਾਣਾ ਸਿਟੀ ਦੇ ਮੁਖੀ ਵਜੋਂ ਸਬ ਇੰਸਪੈਕਟਰ ਕਰਨਵੀਰ ਸਿੰਘ ਦੀ ਤਾਇਨਾਤੀ ਕੀਤੀ ਗਈ ਹੈ ਜੋ ਪਹਿਲਾਂ ਪੁਲੀਸ ਚੌਕੀ ਡਕਾਲਾ ਦੇ ਇੰਚਾਰਜ ਸਨ। ਉਨ੍ਹਾਂ ਦੀ ਥਾਂ ਡਕਾਲਾ ਚੌਕੀ ਦਾ ਇੰਚਾਰਜ ਬਲਜੀਤ ਸਿੰਘ ਨੂੰ ਲਾਇਆ ਗਿਆ ਹੈ। ਗੁਰਜੰਟ ਸਿੰਘ ਨੂੰ ਥਾਣਾ ਘਨੌਰ ਦਾ ਮੁਖੀ ਲਾਇਆ ਹੈ।