ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਸਤੰਬਰ
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਵੱਲੋਂ ਅੱਜ ਦਰਜਨ ਦੇ ਕਰੀਬ ਥਾਣਾ ਮੁਖੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ। ਸਰਕਾਰੀ ਹੁਕਮਾਂ ਤਹਿਤ ਸਿਟੀ ਵਿੰਗ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਮੁੜ ਤੋਂ ਸੀਆਈਏ ਸਟਾਫ਼ ਪਟਿਆਲਾ ਦਾ ਇੰਚਾਰਜ ਲਾਇਆ ਗਿਆ ਹੈ। ਸੀਆਈਏ ਸਭ ਤੋਂ ਮਹੱਤਵਪੂਰਨ ਥਾਣਾ ਹੈ, ਜਿਥੇ ਸ਼ਮਿੰਦਰ ਪਹਿਲਾਂ ਵੀ ਕਈ ਸਾਲ ਕਾਰਜਸ਼ੀਲ ਰਹੇ ਹਨ, ਪਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਸ਼ਹਿਰੀ ਵਿੰਗ ਦਾ ਇੰਚਾਰਜ ਲਾ ਕੇ ਇੰਸਪੈਕਟਰ ਰਾਹੁਲ ਕੌਸ਼ਲ ਨੂੰ ਸੀਆਈਏ ਇੰਚਾਰਜ ਲਾਇਆ ਗਿਆ ਸੀ। ਰਾਸ਼ਟਰਪਤੀ ਪੁਲੀਸ ਮੈਡਲ ਜੇਤੂ ਤੇ ਥਾਣਾ ਪਸਿਆਣਾ ਦੇ ਐੱਸਐੱਚਓ ਇੰਸਪੈਕਟਰ ਸੁਖਪਾਲ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਹਰਮਨਪ੍ਰੀਤ ਚੀਮਾ ਨੂੰ ਥਾਣਾ ਕੋਤਵਾਲੀ ਦਾ ਐੱਸਐਚਓ ਲਾਇਆ ਗਿਆ ਹੈ। ਇੱਥੇ ਇੰਸਪੈਕਟਰ ਇੰਦਰਪਾਲ ਚੌਹਾਨ ਐਸਐਚਓ ਸਨ, ਜਿਨ੍ਹਾਂ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ।
ਐਸਐਚਓ ਹਰਜਿੰਦਰ ਢਿੱਲੋਂ ਨੂੰ ਥਾਣਾ ਅਨਾਜ ਮੰਡੀ ਦਾ ਐੱਸਐੱਚਓ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਥਾਣਿਆਂ ਦੇ ਮੁਖੀ ਰਹਿ ਚੁੱਕੇ ਇੰਸਪੈਕਟਰ ਰਜੇਸ਼ ਕੁਮਾਰ ਮਲਹੋਤਰਾ ਨੂੰ ਥਾਣਾ ਲਾਹੌਰੀ ਗੇਟ ਪਟਿਆਲਾ ਦਾ ਇੰਚਾਰਜ ਲਾਇਆ ਗਿਆ ਹੈ। ਉਨ੍ਹਾਂ ਨੇ ਥਾਣੇਦਾਰ ਮਹਿਲ ਸਿੰਘ ਦੀ ਥਾਂ ਲਈ ਹੈ। ਮਹਿਲ ਸਿੰਘ ਨੂੰ ਪੁਲੀਸ ਲਾਈਨ ਵਿੱਚ ਬਦਲਿਆ ਗਿਆ ਹੈ।
ਚੰਦ ਦਿਨ ਪਹਿਲਾਂ ਹੀ ਤਰੱਕੀ ਪਾ ਕੇ ਇੰਸਪੈਕਟਰ ਬਣੇ ਜਸਪ੍ਰੀਤ ਸਿੰਘ ਨੂੰ ਥਾਣਾ ਸਨੌਰ ਤੋਂ ਬਦਲਦਿਆਂ, ਪੁਲੀਸ ਲਾਈਨ ਭੇਜ ਕੇ ਸਬ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਨੂੰ ਥਾਣਾ ਸਨੌਰ ਦਾ ਐਸਐਚਓ ਲਾਇਆ ਗਿਆ ਹੈ। ਉਹ ਪਹਿਲਾਂ ਥਾਣਾ ਭਾਦਸੋਂ ਦੇ ਐਸਐਚਓ ਸਨ। ਪਰ ਥਾਣਾ ਭਾਦਸੋਂ ਵਿਖੇ ਹੁਣ ਇੰਸਪੈਕਟਰ ਸੁਖਦੇਵ ਸਿੰਘ ਨੂੰ ਐੱਸ ਐੱਚ ਓ ਵਜੋਂ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਗੁਰਪ੍ਰੀਤ ਸਿੰਘ ਨੂੰ ਸਪੈਸ਼ਲ ਸੈੱਲ ਦਾ ਇੰਚਾਰਜ ਲਾਇਆ ਹੈ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਪੁਲੀਸ ਚੌਕੀ ਬੱਸ ਅੱਡਾ ਰਾਜਪੁਰਾ ਦਾ ਇੰਚਾਰਜ ਲਾਇਆ ਗਿਆ ਹੈ। ਉਨ੍ਹਾਂ ਨੇ ਜਜਵਿੰਦਰ ਸਿੰਘ ਦੀ ਥਾਂ ਲਈ ਹੈ, ਜਿਸ ਨੂੰ ਥਾਣਾ ਸ਼ੰਭੂ ਵਿੱਚ ਤਫ਼ਤੀਸ਼ੀ ਅਫ਼ਸਰ ਲਾਇਆ ਗਿਆ ਹੈ।