ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 19 ਅਪਰੈਲ
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਆਪਣੇ ਹਲਕੇ ’ਚ ਅੱਜ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦੇ ਹੱਕ ’ਚ ਚੋਣ ਰੈਲੀ ਕਰਵਾਈ ਗਈ। ਹਲਕੇ ਅਧੀਨ ਪੈਂਦੇ ਪ੍ਰੇਮ ਬਾਗ ਪੈਲੇਸ ਵਿੱਚ ਕਰਵਾਈ ਗਈ ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਐੱਨਕੇ ਸ਼ਰਮਾ ਦਾ ਕਹਿਣਾ ਸੀ ਕਿ ਪਟਿਆਲਾ ਵਿਚਲੇ ਤਿੰਨ ਉਮੀਦਵਾਰਾਂ ਦਾ ਤਾਂ ਰੱਬ ਹੀ ਬੇਲੀ ਹੈ ਕਿਉਂਕਿ ਕਾਂਗਰਸ ਅਤੇ ਭਾਜਪਾ ਇੱਥੇ ਦੋ ਅਜਿਹੀਆਂ ਪਾਰਟੀਆਂ ਹੋ ਨਿੱਬੜੀਆਂ, ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿੱਚੋਂ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਕਾਂਗਰਸ ਵਿੱਚੋਂ ਆਏ ਪ੍ਰਨੀਤ ਕੌਰ ਨੂੰ ਜਦਕਿ ਕਾਂਗਰਸ ਨੇ ਪਹਿਲਾਂ ‘ਆਪ’ ਅਤੇ ਫੇਰ ਹੋਰ ਪਾਰਟੀਆਂ ’ਚ ਰਹੇ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਹੈ। ਇਸ ਕਰਕੇ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਇਨ੍ਹਾਂ ਵੱਲੋਂ ਅਪਣਾਈਆਂ ਗਈਆਂ ਨਵੀਆਂ ਪਾਰਟੀਆਂ ਵਿਚਲੇ ਟਕਸਾਲੀ ਆਗੂਆਂ ਤੇ ਵਰਕਰਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਮਾ ਨੇ ਇਨ੍ਹਾਂ ਦੋਵਾਂ ਨੂੰ ਪਟਿਆਲਾ ਹਲਕੇ ਦੇ ਲੋਕਾਂ ਦੇ ਕਥਿਤ ਗੱਦਾਰ ਵੀ ਗਰਦਾਨਿਆ। ਤਰਕ ਸੀ ਕਿ ਇਸ ਕਦਰ ਟਿਕਟਾਂ ਦੀ ਖਾਤਰ ਸਿਆਸੀ ਪਾਲ਼ਾ ਬਦਲ ਕੇ ਲੋਕਾਂ ਨਾਲ਼ ਕੀਤੇ ਗਏ ਇਸ ਧਰੋਹ ਨੂੰ ਲੋਕ ਕਦਾਚਿਤ ਵੀ ਨਹੀਂ ਭੁਲਾ ਸਕਣਗੇ।
ਐੱਨਕੇ ਸ਼ਰਮਾ ਨੇ ਹੋਰ ਕਿਹਾ ਕਿ ‘ਆਪ’ ਨੇ ਭਾਵੇਂ ਐਤਕੀ ਡਾ. ਬਲਬੀਰ ਸਿੰਘ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਪਰ ਕਨਸੋਆਂ ਮਿਲ ਰਹੀਆਂ ਹਨ ਕਿ ਉਹ ਖੁਦ ਹੀ ਸਿਹਤ ਮੰਤਰੀ ਵਾਲ਼ੀ ਕੁਰਸੀ ਨਹੀਂ ਛੱਡਣਾ ਲੋਚਦੇ। ਹਰਿੰਦਰਪਾਲ ਚੰਦੂਮਾਜਰਾ ਨੇ ਆਪਣੇ ਹਲਕੇ ਸਨੌਰ ਵਿੱਚੋਂ ਸ੍ਰੀ ਸ਼ਰਮਾ ਨੂੰ ਵੱਡੀ ਲੀਡ ਨਾਲ਼ ਜਿਤਾਉਣ ਦਾ ਭਰੋਸਾ ਦਿਵਾਇਆ।