ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਾਰਚ
ਵੋਟਾਂ ਦੀ ਗਿਣਤੀ ਦੇ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਅੱਜ ਰਿਟਰਨਿੰਗ ਅਧਿਕਾਰੀਆਂ ਸਮੇਤ ਸਾਰੇ ਏ.ਆਰ.ਓਜ ਲਈ ਵਿਸ਼ੇਸ਼ ਸਿਖਲਾਈ ਕਰਵਾਈ ਗਈ। ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਹੇਠ ਕਰਵਾਈ ਗਈ ਇਸ ਸਿਖਲਾਈ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਾਂ ਦੀ ਗਿਣਤੀ ਸਮੇਂ ਈ.ਵੀ.ਐਮਜ਼ ਸਮੇਤ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਬਾਬਤ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸਮੁੱਚਾ ਗਿਣਤੀ ਅਮਲਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਮੁਕੰਮਲ ਰੂਪ ’ਚ ਪਾਲਣਾ ਯਕੀਨੀ ਬਣਾਏ। ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇਤ ਐਨਕੋਰ ਸਮੇਤ ਚੋਣ ਨਤੀਜਿਆਂ ਨੂੰ ਚੋਣ ਕਮਿਸ਼ਨ ਦੇ ਵੈਬ ਪੋਰਟਲ ਉਪਰ ਅਪਲੋਡ ਕੀਤੇ ਜਾਣ ਸਮੇਂ ਪੂਰਾ ਇਹਤਿਆਤ ਵਰਤਿਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਈ.ਵੀ.ਐਮਜ. ਤੋਂ ਗਿਣਤੀ ਜ਼ਿਲ੍ਹੇ ਅੰਦਰ ਨਿਰਧਾਰਤ ਕੀਤੇ ਗਏ ਸਥਾਨਾਂ ਵਿੱਚ ਚੋਣ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਹਲਕੇ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਹੋਵੇਗੀ। ਇਸ ਮੌਕੇ ਏਡੀਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ ਗੌਤਮ ਜੈਨ, ਅੰਕੁਰਜੀਤ ਸਿੰਘ, ਮਨਜੀਤ ਚੀਮਾ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਕੰਨੂ ਗਰਗ ਅਤੇ ਜਸਲੀਨ ਕੌਰ ਭੁੱਲਰ ਸਮੇਤ ਸਮੂਹ ਏ.ਆਰ.ਓਜ ਵੀ ਮੌਜੂਦ ਰਹੇ।