ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਨੂੰ ਕਬਜ਼ੇ ਤੋਂ ਮੁਕਤ ਕਰਵਾ ਕੇ ਟਰੈਫਿਕ ਵਿਵਸਥਾ ਨੂੰ ਵਧੀਆ ਬਣਾਉਣ ਲਈ ਨਗਰ ਨਿਗਮ, ਟਰੈਫਿਕ ਪੁਲੀਸ ਅਤੇ ਵਪਾਰ ਮੰਡਲ ਨੇ ਸਾਂਝੇ ਤੌਰ ’ਤੇ ਟਰੈਫਿਕ ਸੁਧਾਰ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਕੰਮ ਕਰਨ ’ਤੇ ਸਹਿਮਤੀ ਬਣਾਈ ਹੈ। ਤਿੰਨੋਂ ਵਿੰਗ ਇਹ ਯਕੀਨੀ ਬਣਾਉਣਗੇ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਟਰੈਫਿਕ ਜਾਮ ਕਾਰਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਫੈਸਲਾ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਸੇ ਕੜੀ ਵਜੋਂ ਕਮਿਸ਼ਨਰ ਨੇ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੈਫਿਕ ਜਾਮ ਤੋਂ ਬਚਾਉਣ ਦੇ ਨਾਲ-ਨਾਲ ਪਾਰਕਿੰਗ ਮੁਹੱਈਆ ਕਰਵਾਉਣਾ ਹੀ ਮੁੱਖ ਮੰਤਵ ਹੈ। ਉਨ੍ਹ੍ਵਾਂ ਦੱਸਿਆ ਕਿ ਸਾਈਂ ਮਾਰਕੀਟ ਤੋਂ ਅਨਾਰਦਾਨਾ ਚੌਕ ਤੋਂ ਮੋਦੀ ਕਾਲਜ ਚੌਕ ਵੱਲ ਜਾਣ ਵਾਲੀ ਸੜਕ ਨੂੰ ਮੁੜ ਤੋਂ ਵਨ-ਵੇਅ ਕੀਤਾ ਜਾਵੇਗਾ। ਲੀਲਾ ਭਵਨ ਮਾਰਕੀਟ ਦੇ ਪਿੱਛੇ ਵਾਲੀ ਸੜਕ ਨੂੰ ਵੀ ਵਨ-ਵੇਅ ਅਧੀਨ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਕਿਸੇ ਵੀ ਚੌਰਾਹੇ ’ਤੇ ਰਿਕਸ਼ਾ ਜਾਂ ਈ-ਰਿਕਸ਼ਾ ਨੂੰ ਨਿਯਮਤ ਤੌਰ ’ਤੇ ਖੜ੍ਹੇ ਨਹੀਂ ਹੋਣਗੇ। ਟਰੈਫਿਕ ਦੇ ਡੀਐੱਸਪੀ ਕਰਨਬੀਰ ਤੂਰ ਨੇ ਕਿਹਾ ਕਿ ਨਾਜਾਇਜ਼ ਪਾਰਕਿੰਗ ਸਬੰਧੀ ਸਮੱਸਿਆ ਆਉਣ’ਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਹ ਬਿਨਾਂ ਕਿਸੇ ਦੇਰੀ ਤੋਂ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਸੰਯੁਕਤ ਕਮਿਸ਼ਨਰ ਨਮਨ ਮਦਕਨ, ਲੈਂਡ ਬ੍ਰਾਂਚ ਦੇ ਇੰਚਾਰਜ ਸੁਪਰਡੈਂਟ ਸੁਰਜੀਤ ਚੀਮਾ, ਇੰਸਪੈਕਟਰ ਮੁਨੀਸ਼ ਪੁਰੀ, ਡੀਐੱਸਪੀ ਟਰੈਫਿਕ ਕਰਨਬੀਰ ਤੂਰ, ਇੰਸਪੈਕਟਰ ਪ੍ਰੀਤਿੰਦਰ ਸਿੰਘ, ਵਪਾਰ ਮੰਡਲ ਦੇ ਮੁਖੀ ਰਾਕੇਸ਼ ਗੁਪਤਾ, ਵਪਾਰੀ ਵੰਸ਼ ਟੰਡਨ, ਛੋਟੀ ਬਰਾਦਰੀ ਤੋਂ ਰਾਜ ਸਿੰਗਲਾ, ਤ੍ਰਿਪੜੀ ਟਾਉਨ ਤੋਂ ਨੰਦ ਲਾਲ ਗੁਰਾਬਾ, ਭਗਵਾਨ ਦਾਸ ਚਾਵਲਾ, ਜੀਐਸ ਓਬਰਾਏ, ਨਰੇਸ਼ ਸਿੰਗਲਾ, ਜਸਪਾਲ ਚੱਢਾ, ਜਤਿੰਦਰਪਾਲ ਸਿੰਘ, ਰਜਿੰਦਰ ਗਰਗ, ਅਸ਼ੋਕ ਅਗਰਵਾਲ ਹਾਜ਼ਰ ਸਨ।
ਵਪਾਰ ਮੰਡਲ ਦੇਵੇਗਾ ਪੂਰਾ ਸਹਿਯੋਗ : ਗੁਪਤਾ
ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਦਾ ਕਹਿਣਾ ਹੈ ਕਿ ਵਪਾਰੀ ਨਿਗਮ ਅਤੇ ਟਰੈਫਿਕ ਪੁਲੀਸ ਨੂੰ ਸਹਿਯੋਗ ਦੇਣਗੇ। ਬਾਜ਼ਾਰਾਂ ਵਿੱਚ ਟਰੈਫਿਕ ਜਾਮ ਤੋਂ ਬਚਣ ਲਈ ਦੁਕਾਨਦਾਰ ਵੀ ਆਪਸ ਵਿੱਚ ਸਹਿਮਤ ਹੋ ਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਟਰੈਫਿਕ ਮਾਰਸ਼ਲ ਲਗਾਉਣ ਬਾਰੇ ਵਿਚਾਰ ਕਰਨਗੇ। ਹਰ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਨਾਕਾਬੰਦੀ ਕਰਕੇ ਨਾਜਾਇਜ਼ ਪਾਰਕਿੰਗ ਤੋਂ ਬਚਣ ਲਈ ਸਹਿਯੋਗ ਕਰੇਗਾ।