ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 9 ਅਕਤੂਬਰ
ਪਿੰਡ ਦੇ ਬੱਸ ਅੱਡੇ ’ਤੇ ਬੱਸਾਂ ਨਾ ਰੁਕਣ ’ਤੇ ਰੋਹ ਵਿਚ ਆਏ ਮਾਡਲ ਟਾਊਨ ਸ਼ੇਰੋਂ ਦੇ ਵਾਸੀਆਂ ਵੱਲੋਂ ਸੜਕੀ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਲਾਇਆ ਗਿਆ। ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਦੁਪਹਿਰ 12 ਤੋਂ 2 ਵਜੇ ਤੱਕ ਸੁਨਾਮ-ਮਾਨਸਾ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਡਲ ਟਾਊਨ ਵਿੱਚ ਆਮ ਲੋਕਾਂ ਨੂੰ ਪਿੰਡ ਵਿੱਚ ਬੱਸਾਂ ਨਾ ਰੁਕਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਇਸ ਮਾਰਗ ਤੋਂ ਪਟਿਆਲਾ-ਮਾਨਸਾ ਰੂਟ ਦੀਆਂ ਕਈ ਬੱਸਾਂ ਲੰਘਦੀਆਂ ਹਨ। ਪਰ ਪਿੰਡ ਦੇ ਬੱਸ ਅੱਡੇ ’ਤੇ ਕੋਈ ਵੀ ਬੱਸ ਨਹੀਂ ਰੁਕਦੀ। ਉਨ੍ਹਾਂ ਕਿਹਾ ਕਿ ਬੱਸਾਂ ਨਾ ਰੁਕਣ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਐਕਸ਼ਨ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ, ਅਮਰਜੀਤ ਸਿੰਘ ਮੁਨਸ਼ੀ ਵਾਲਾ, ਰਾਣੀ ਕੌਰ ਸੁਨਾਮ, ਨਿਰਭੈਅ ਸਿੰਘ ਮਾਡਲ ਟਾਊਨ, ਰਾਜਵਿੰਦਰ ਕੌਰ, ਪੱਪੂ ਸਿੰਘ, ਅੰਗਰੇਜ਼ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਬਲਜੀਤ ਕੌਰ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ।