ਖੇਤਰੀ ਪ੍ਰਤੀਨਿਧ
ਪਟਿਆਲਾ, 24 ਨਵੰਬਰ
ਬੀਮਾ, ਬੈਂਕ, ਟੈਲੀਕਾਮ, ਬਿਜਲੀ, ਰੇਲਵੇ, ਏਅਰ ਇੰਡੀਆ ਤੇ ਪਬਲਿਕ ਸੈਕਟਰ ਦੇ ਕਾਮੇ, ਟੈਕਸਟਾਈਲ, ਕਾਰਖਾਨਿਆਂ ਦੇ ਮਜ਼ਦੂਰ ਆਦਿ ’ਤੇ ਆਧਾਰਤ ਭਾਰਤ ਦੀਆਂ 10 ਪ੍ਰਮੁੱਖ ਟਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਵੱਲੋਂ 26 ਨਵੰਬਰ ਨੂੰ ਕੀਤੀ ਜਾਣ ਵਾਲ਼ੀ ਦੇਸ਼ ਵਿਆਪੀ ਹੜਤਾਲ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ। ਇਸੇ ਕੜੀ ਵਜੋਂ ਹੀ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ. ਤੇ ਸੀਟੂ ਨਾਲ਼ ਸਬੰਧਤ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ 5 ਜਥੇਬੰਦੀਆਂ ਨੇ ਵੀ ਆਪਣੇ ਆਗੂਆਂ ਅਤੇ ਵਰਮਰਾਂ ਨੂੰ 26 ਨਵੰਬਰ ਨੂੰ ਪੀ.ਆਰ.ਟੀ.ਸੀ ਵਿੱਚ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ, ਇਨ੍ਹਾਂ ਪੰਜ ਜਥੇਬੰਦੀਆਂ ’ਚ ਹੀ ਸ਼ੁਮਾਰ ’ਤੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਜਨਰਲ ਸਕੱਤਰ ਉਤਮ ਸਿੰਘ ਬਾਗੜੀ ਨੇ ਕਿਹਾ ਕਿ ਉਨ੍ਹਾਂ ਜਥੇਬੰਦੀ ਨਾਲ ਸਬੰਧਤ ਸਮੂਹ ਮੈਂਬਰ ਇਸ ਹੜਤਾਲ ਨੂੰ ਕਾਮਯਾਬ ਕਰਾਉਣ ਲਈ ਉਸ ਦਿਨ ਸਵੇਰੇ 4 ਵਜੇ ਹੀ ਬੱਸ ਸਟੈਂਡਾਂ ’ਤੇ ਪਹੁੰਚ ਜਾਣਗੇ।