ਖੇਤਰੀ ਪ੍ਰਤੀਨਿਧ
ਪਟਿਆਲਾ, 29 ਸਤੰਬਰ
ਗੈਸ ਏਜੰਸੀ ਵਰਕਰ ਯੂਨੀਅਨ ਪਟਿਆਲਾ ਵੱਲੋਂ ਮਸ਼ਾਲ ਮਾਰਚ ਕੱਢਿਆ ਗਿਆ। ਸਨੌਰ ਸੜਕ ’ਤੇ ਸਥਿਤ ਸ਼ਹੀਦ ਊਧਮ ਸਿੰਘ ਚੌਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰ ਕੇ ਪਾਸ ਕੀਤੇ ਚਾਰ ਲੇਬਰ ਕੋਡਾਂ ਅਤੇ ਹੋਰਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਦੇਰ ਸ਼ਾਮ ਤੱਕ ਚੌਕ ਵਿੱਚ ਖੜ੍ਹ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ, ਸਕੱਤਰ ਸੁਰਜੀਤ ਸਿੰਘ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਕੈਸ਼ੀਅਰ ਜਸਵੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਅੰਗਰੇਜ਼ ਸਾਮਰਾਜ ਦੀ ਸਿੱਧੀ ਲੁੱਟ ਖ਼ਿਲਾਫ਼ ਲਾਮਬੰਦੀ ਕਰ ਕੇ ਦੇਸ਼ ਦੇ ਲੋਕਾਂ ਨੂੰ ਜਥੇਬੰਦ ਕਰਨ ਦਾ ਕਾਰਜ ਕੀਤਾ ਗਿਆ ਸੀ, ਉਸੇ ਤਰਜ਼ ’ਤੇ ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਵੀ ਜਥੇਬੰਦਕ ਘੋਲ ਤੇਜ਼ ਕਰਨ ਦੀ ਲੋੜ ਹੈ।
ਇਸ ਮੌਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦਾ ਸਮਰਥਨ ਜਾਰੀ ਰੱਖਦਿਆਂ, ਕਿਰਤ ਕੋਡਾਂ ਖ਼ਿਲਾਫ਼ ਵੀ ਲਾਮਬੰਦੀ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਗਿਆ।