ਖੇਤਰੀ ਪ੍ਰਤੀਨਿਧ
ਪਟਿਆਲਾ, 2 ਨਵੰਬਰ
ਤੰਬਾਕੂ ਪਦਾਰਥਾਂ ਦੇ ਮਾਰੂ ਪ੍ਰਭਾਵਾਂ ਦੀ ਜਾਗਰੂਕਤਾ ਲਈ ਕਾਰਜਕਾਰੀ ਸਿਵਲ ਸਰਜਨ ਡਾ. ਵਿਕਾਸ ਗੋਇਲ ਦੀ ਨਿਗਰਾਨੀ ਵਿੱਚ ਦਫਤਰ ਸਿਵਲ ਸਰਜਨ ਵਿੱਚ ‘ਪੰਜਾਬ ਰਾਜ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ। ਇਸ ਮੌਕੇ ਮੌਜੂਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਸਮੁੱਚੇ ਸਟਾਫ ਵੱਲੋਂ ਜ਼ਿੰਦਗੀ ਭਰ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਸਬੰਧੀ ਸਹੁੰ ਵੀ ਚੁੱਕੀ ਗਈ। ਸਹਾਇਕ ਸਿਹਤ ਅਫਸਰ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਭਾਵੇਂ ਤੰਬਾਕੂ ਉਤਪਾਦਾਂ ’ਤੇ ਚਿਤਾਵਨੀ ਵਜੋਂ ‘ਸਿਹਤ ਲਈ ਹਾਨੀਕਾਰਕ ਹੈ ਜਾਂ ਤੰਬਾਕੂ ਕੈਂਸਰ ਦਾ ਕਾਰਨ ਹੈ’ ਲਿਖਿਆ ਹੁੰਦਾ ਹੈ ਪਰ ਫਿਰ ਵੀ ਤੰਬਾਕੁੂ ਪਦਾਰਥਾਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਹਾਜ਼ਰੀਨ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਪ੍ਰਤੀ ਜਾਗਰੂਕ ਕਰਨ ਲਈ ਆਖਿਆ। ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਐੱਸਜੇ ਸਿੰਘ, ਡਾ. ਦਿਵਜੋਤ ਸਿੰਘ, ਭਾਗ ਸਿੰਘ ਆਦਿ ਹਾਜ਼ਰ ਸਨ।