ਪਟਿਆਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਜੇਲ੍ਹ ਪਟਿਆਲਾ ਦੇ ਅੰਦਰ ਬਾਹਰਲੇ ਪਾਸੇ ਤੋਂ ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਸੁੱਟਣ ਦਾ ਵਰਤਾਰਾ ਜਾਰੀ ਹੈ। ਅੱਜ ਫੇਰ ਜੇਲ੍ਹ ਦੇ ਬਾਹਰੋਂ ਸੁੱਟੇ ਹੋਏ ਪੈਕਿਟ ਮਿਲੇ। ਜਾਣਕਾਰੀ ਅਨੁਸਾਰ ਜੇਲ੍ਹ ਵਿਚਲੇ ਟਾਵਰ ਨੰਬਰ 5 ਦੇ ਸਾਹਮਣਿਉਂ ਮਿਲੇ ਇਨ੍ਹਾਂ ਦੋ ਪੈਕਟਾਂ ਵਿਚੋਂ ਜਰਦੇ ਦੀਆਂ 33 ਪੁੜੀਆਂ ਸਮੇਤ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਇਸ ਸਬੰਧੀ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਤ੍ਰਿਪੜੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਜੇਲ੍ਹ ਕਰਮਚਾਰੀਆਂ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਬੈਰਕ ਨੰਬਰ 3/4 ਦੇ ਬਾਹਰ ਪਿਛਲੇ ਪਾਸਿਓਂ ਵੀ ਇੱਕ ਪੈਕਟ ਮਿਲਿਆ ਜਿਸ ਵਿਚੋਂ ਵੀ ਦੋ ਮੋਬਾਈਲ ਫੋਨ, 3 ਡਾਟਾ ਕੇਬਲ, ਇੱਕ ਏਅਰ ਫੋਨ ਅਤੇ ਇਕ ਚਾਰਜਰ ਵੀ ਮਿਲਿਆ। ਸੰਪਰਕ ਕਰਨ ’ਤੇ ਐਡੀਸ਼ਨਲ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲ਼ੀਵਾਲ਼ ਦਾ ਕਹਿਣਾ ਸੀ ਕਿ ਇਨ੍ਹਾਂ ਦੋਵਾਂ ਮਾਮਲਿਆਂ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਡੀ.ਐਸ.ਪੀ ਮੋਹਿਤ ਅਗਰਵਾਲ਼ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ’ਚ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕੀਤੇ ਗਏ ਹਨ।